ਹੁਸ਼ਿਆਰਪੁਰ, 24 ਜੁਲਾਈ: ਅਗਲੇ ਦਿਨਾਂ ਵਿਚ ਮਾਤਾ ਚਿੰਤਪੁਰਨੀ ਮੇਲਿਆਂ ਅਤੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਆਵਾਜਾਈ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਲਈ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਅਧਿਕਾਰੀਆਂ ਸਮੇਤ ਚਿੰਤਪੁਰਨੀ ਮੁੱਖ ਮਾਰਗ ਦਾ ਦੌਰਾ ਕਰਕੇ ਆਵਾਜਾਈ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਵਿਧਾਇਕ ਜਿੰਪਾ ਨੇ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਰਗ ‘ਤੇ ਮੌਜੂਦ ਸਾਰੀਆਂ ਤਕਨੀਕੀ ਖਾਮੀਆਂ ਅਤੇ ਹਾਦਸਾ-ਸੰਭਾਵਿਤ ਥਾਵਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਲੋਕ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਗੰਭੀਰਤਾ ਨਾਲ ਲੈੰਦਿਆਂ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਵਿਧਾਇਕ ਜਿੰਪਾ ਨੇ ਕਿਹਾ ਕਿ ਮੰਗੂਵਾਲ ਨਾਕੇ ਨੇੜੇ ਪਹਿਲਾਂ ਹੋਏ ਐਂਬੂਲੈਂਸ ਹਾਦਸੇ ਤੋਂ ਬਾਅਦ ਵੀ ਕਈ ਕਾਰਜ ਹੋਣ ਵਾਲੇ ਹਨ ਜਿਸ ਨੂੰ ਪੂਰੀ ਤਰਜੀਹ ਦੇ ਕੇ ਜਲਦ ਕਰਵਾਇਆ ਜਾਵੇ ਤਾਂ ਜੋ ਮੁਸਾਫ਼ਰਾਂ ਖਾਸਕਰ ਸ਼ਰਧਾਲੂਆਂ ਲਈ ਸੂਖਾਲੀ ਆਵਾਜਾਈ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਸੜਕ ਕੰਢੇ ਪਿਆ ਮਲਬਾ ਵੀ ਜਲਦ ਹਟਾਉਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ । ਉਨ੍ਹਾਂ ਕਿਹਾ ਕਿ ਇਹ ਮਾਰਗ ਐਨਐਚਏਆਈ ਦੇ ਅਧਿਕਾਰੀਆਂ ਨੂੰ ਇਹ ਸਾਰੇ ਮਸਲੇ ਜਲਦ ਤੋਂ ਜਲਦ ਸਮਾਂਬੱਧ ਢੰਗ ਵਿੱਚ ਹੱਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਹਿੱਤ ਨੂੰ ਪਹਿਲ ਦੇਂਦਿਆਂ ਲਗਭਗ 14.25 ਕਰੋੜ ਰੁਪਏ ਦੀ ਲਾਗਤ ਨਾਲ ਆਦਮਪੁਰ ਤੋਂ ਚੌਹਾਲ ਤੱਕ ਸੜਕ ਦਾ ਨਵੀਨੀਕਰਨ ਕਰਵਾਇਆ ਹੈ, ਤਾਂ ਜੋ ਸਥਾਨਕ ਉਦਯੋਗਾਂ ਵਿੱਚ ਕੰਮ ਕਰਦੇ ਹਜ਼ਾਰਾਂ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲ ਸਕੇ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਮੇਲਿਆਂ ਤੋਂ ਪਹਿਲਾਂ ਸਾਰੇ ਬਲੈਕ ਸਪਾਟ ਅਤੇ ਹੋਰ ਖਾਮੀਆਂ ਦੂਰ ਕੀਤੀਆਂ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਕੇਸ਼ ਕੁਮਾਰ ਮੀਣਾ, ਐਸਡੀਐਮ ਪਰਮਪ੍ਰੀਤ ਸਿੰਘ, ਕੋਆਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਕੌਂਸਲਰ ਸੁਰਿੰਦਰ ਕੁਮਾਰ, ਕੌਂਸਲਰ ਪ੍ਰਵੀਣ ਸੈਣੀ ਅਤੇ ਐਕਸੀਅਨ ਨੈਸ਼ਨਲ ਹਾਈਵੇ ਰਜਿੰਦਰ ਕੁਮਾਰ ਵੀ ਮੌਜੂਦ ਸਨ
