ਚੰਡੀਗੜ੍ਹ,19 ਜੂਨ : ਸਟੇਟ ਹੈਲਥ ਏਜੰਸੀ (ਐਸਐਚਏ), ਪੰਜਾਬ ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪ੍ਰੋਸਟੇਟ ਕੈਂਸਰ ਦੇ ਇਲਾਜਾਂ ਵਿੱਚ ਲਗਭਗ 60 ਫੀਸਦ ਹਿੱਸਾ ਹਾਰਮੋਨ ਥੈਰੇਪੀ ਲਈ ਰਿਹਾ ਹੈ। ਇਹ ਅੰਕੜੇ ਦੱਸਦੇ ਹਨ ਕਿ ਸੂਬੇ ਵਿੱਚ ਪ੍ਰੋਸਟੇਟ ਕੈਂਸਰ ਦਾ ਬੋਝ ਵਧ ਰਿਹਾ ਹੈ ਅਤੇ ਨਾਲ ਹੀ ਐਡਵਾਂਸਡ ਕੈਂਸਰ ਸਬੰਧੀ ਇਲਾਜ ਦੇ ਖਰਚ ਨੂੰ ਪੂਰਾ ਕਰਨ ਲਈ ਲੋਕਾਂ ਦਾ ਸਰਕਾਰੀ ਸਿਹਤ ਯੋਜਨਾਵਾਂ ‘ਤੇ ਵੱਧ ਭਰੋਸਾ ਵੀ ਵਧ ਰਿਹਾ ਹੈ।

ਸਟੇਟ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਿਕ ਪਿਛਲੇ ਪੰਜ ਮਹੀਨਿਆਂ ਵਿੱਚ ਪ੍ਰੋਸਟੇਟ ਕੈਂਸਰ ਨਾਲ ਸੰਬੰਧਤ 1478 ਇਲਾਜ ਪੈਕੇਜ ਮਨਜ਼ੂਰ ਕੀਤੇ ਗਏ, ਜਿਨ੍ਹਾਂ ‘ਤੇ ਕੁੱਲ 2.86 ਕਰੋੜ ਰੁਪਏ ਦਾ ਖਰਚ ਹੋਇਆ। ਇਨ੍ਹਾਂ ਵਿੱਚ ਹਾਰਮੋਨ ਥੈਰੇਪੀ ਸਭ ਤੋਂ ਮੁੱਖ ਇਲਾਜ ਰਹੀ, ਜਿਸ ਦੇ 918 ਆਪ੍ਰੇਸ਼ਨ ਕੀਤੇ ਗਏ। ਇਹ ਕੁੱਲ ਮਨਜ਼ੂਰ ਇਲਾਜਾਂ ਦਾ ਲਗਭਗ 60 ਪ੍ਰਤੀਸ਼ਤ ਹੈ ਅਤੇ ਇਸ ਇਲਾਜ ‘ਤੇ 1.57 ਕਰੋੜ ਰੁਪਏ ਖਰਚ ਹੋਇਆ, ਜੋ ਕੁੱਲ ਖਰਚ ਦਾ ਅੱਧ ਤੋਂ ਵੱਧ ਹਿੱਸਾ ਬਣਦਾ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਐਡਵਾਂਸਡ ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਹਾਰਮੋਨ ਥੈਰੇਪੀ ਅਜੇ ਵੀ ਸਭ ਤੋਂ ਮਹੱਤਵਪੂਰਨ ਵਿਕਲਪ ਹੈ ਕਿਉਂਕਿ ਇਹ ਟੈਸਟੋਸਟੇਰੋਨ, ਜੋ ਟਿਊਮਰ ਦੇ ਵਾਧੇ ਕਾਰਨ ਹੈ, ਦੇ ਪੱਧਰ ਨੂੰ ਘਟਾਉਂਦੀ ਹੈ। ਜਦੋਂ ਕੈਂਸਰ ਪ੍ਰੋਸਟੇਟ ਗ੍ਰੰਥੀ ਤੱਕ ਸੀਮਿਤ ਨਹੀਂ ਰਹਿੰਦਾ ਤਾਂ ਇਸਨੂੰ ਇਲਾਜ ਦੇ ਪਹਿਲੇ ਅਤੇ ਮੁੱਖ ਵਿਕਲਪ ਵਜੋਂ ਵਰਤਿਆ ਜਾਂਦਾ ਹੈ।”

ਸਟੇਟ ਹੈਲਥ ਏਜੰਸੀ ਦੇ ਅੰਕੜਿਆਂ ਅਨੁਸਾਰ, ਹਾਰਮੋਨ ਆਧਾਰਿਤ ਇਲਾਜਾਂ ਵਿੱਚ ਲਿਉਪ੍ਰੋਲਾਈਡ ਸਭ ਤੋਂ ਵੱਧ ਵਰਤੀ ਜਾਣ ਵਾਲੀ ਦਵਾਈ ਰਹੀ ਹੈ। ਜ਼ਿਕਰਯੋਗ ਹੈ ਕਿ 853 ਪ੍ਰਕਿਰਿਆਵਾਂ ਇਸ ਦੀਆਂ ਵੱਖ-ਵੱਖ ਖੁਰਾਕਾਂ ਵਰਤੀਆਂ ਗਈਆਂ, ਜਿਨ੍ਹਾਂ ਦੀ ਲਾਗਤ 1.43 ਕਰੋੜ ਰੁਪਏ ਤੋਂ ਵੱਧ ਰਹੀ। ਯੋਜਨਾ ਤਹਿਤ ਕੀਮੋਥੈਰੇਪੀ ਦੂਜਾ ਸਭ ਤੋਂ ਵੱਡਾ ਇਲਾਜ ਰਿਹਾ। ਇਸ ਦੇ 490 ਕੇਸਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ‘ਤੇ 1.15 ਕਰੋੜ ਰੁਪਏ ਦਾ ਖਰਚ ਹੋਇਆ। ਇਨ੍ਹਾਂ ਵਿੱਚ ਡੋਸੇਟੈਕਸਲ ਆਧਾਰਿਤ ਇਲਾਜ ਦੇ ਨਾਲ ਪੈਕਲੀਟੈਕਸਲ-ਕਾਰਬੋਪਲੈਟਿਨ, ਸਿਸਪਲੈਟਿਨ-ਇਟੋਪੋਸਾਈਡ ਅਤੇ ਮਾਈਟੋਕਸੈਂਟਰੋਨ ਵਰਗੇ ਕੌਂਬਿਨੇਸ਼ਨ ਸ਼ਾਮਲ ਸਨ।

ਕੁਝ ਐਡਵਾਂਸਡ ਕੀਮੋਥੈਰੇਪੀ ਪੈਕੇਜਾਂ ਦੀ ਲਾਗਤ 3.58 ਲੱਖ ਰੁਪਏ ਪ੍ਰਤੀ ਇਲਾਜ ਤੱਕ ਦਰਜ ਕੀਤੀ ਗਈ। ਇਸ ਤੋਂ ਇਲਾਵਾ ਯੋਜਨਾ ਤਹਿਤ ਰੇਡੀਏਸ਼ਨ ਥੈਰੇਪੀ ਵੀ ਦਿੱਤੀ ਗਈ, ਜਿਸ ਵਿੱਚ 70 ਫਰੈਕਸ਼ਨ ‘ਤੇ ਕੁੱਲ 13.36 ਲੱਖ ਰੁਪਏ ਦਾ ਖਰਚ ਹੋਇਆ। ਇਹ ਦਰਸਾਉਂਦਾ ਹੈ ਕਿ ਚੋਣਵੇਂ ਮਾਮਲਿਆਂ ਵਿੱਚ ਰੇਡੀਏਸ਼ਨ ਥੈਰੇਪੀ ਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ।

ਡਾ. ਸੁਪ੍ਰਾਨ ਸ਼ਰਮਾ, ਸਹਾਇਕ ਪ੍ਰੋਫੈਸਰ, ਯੂਰੋਲੋਜੀ ਵਿਭਾਗ, ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ, ਨੇ ਦੱਸਿਆ ਕਿ ਵਿੱਤੀ ਸਹਾਇਤਾ ਨੇ ਕੈਂਸਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਉਪਲੱਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਬੀਮਾ ਜਾਂ ਸਰਕਾਰੀ ਸਹਾਇਤਾ ਦੀ ਘਾਟ ਵਿੱਚ ਮਹਿੰਗੇ ਇਲਾਜ ਅਕਸਰ ਮਰੀਜ਼ਾਂ ਲਈ ਚੁਣੌਤੀ ਬਣ ਜਾਂਦੇ ਹਨ ਅਤੇ ਇਲਾਜ ਵਿੱਚ ਦੇਰੀ ਦਾ ਕਾਰਨ ਬਣਦੇ ਹਨ।

ਡਾ. ਸ਼ਰਮਾ ਨੇ ਪ੍ਰੋਸਟੇਟ ਕੈਂਸਰ ਦੀ ਸਮੇਂ ਸਿਰ ਪਛਾਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, “50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ ਪੇਸ਼ਾਬ ਵਿੱਚ ਖੂਨ ਆਉਣਾ, ਪੈਲਵਿਕ ਵਿੱਚ ਦਰਦ, ਵਾਰ-ਵਾਰ ਪੇਸ਼ਾਬ ਆਉਣਾ ਅਤੇ ਬਿਨਾਂ ਕਾਰਨ ਵਜ਼ਨ ਘਟਣਾ ਵਰਗੇ ਲੱਛਣਾਂ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।”

ਉਨ੍ਹਾਂ ਨੇ 50 ਸਾਲ ਦੀ ਉਮਰ ਤੋਂ ਬਾਅਦ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਜਾਂਚ (ਪੀਐਸਏ ਟੈਸਟ) ਕਰਵਾਉਣ ਦੀ ਸਲਾਹ ਦਿੱਤੀ। ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਪ੍ਰੋਸਟੇਟ ਕੈਂਸਰ ਦਾ ਪਿਛੋਕੜ ਰਿਹਾ ਹੈ, ਉਨ੍ਹਾਂ ਨੂੰ ਲਗਭਗ 40 ਸਾਲ ਦੀ ਉਮਰ ਤੋਂ ਹੀ ਨਿਯਮਤ ਸਕ੍ਰੀਨਿੰਗ ਸ਼ੁਰੂ ਕਰਨੀ ਚਾਹੀਦੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਭਾਵੇਂ ਜੈਨੇਟਿਕਸ ਪ੍ਰੋਸਟੇਟ ਕੈਂਸਰ ਦਾ ਮੁੱਖ  ਕਾਰਕ ਹਨ, ਪਰ ਕੁਝ ਮਾਮਲਿਆਂ ਵਿੱਚ ਜੀਵਨਸ਼ੈਲੀ ਨਾਲ ਜੁੜੇ ਕਾਰਕ ਵੀ ਇਸ ਦਾ ਕਾਰਨ ਬਣ ਸਕਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਕੈਂਸਰ ਦੀ ਪਛਾਣ ਹੋਣ ਨਾਲ ਮਰੀਜ਼ਾਂ ਦੀ ਜਾਨ ਬਚਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ ਅਤੇ ਕੀਮੋਥੈਰੇਪੀ ਵਰਗੇ ਗੰਭੀਰ ਇਲਾਜਾਂ ਦੀ ਲੋੜ ਵੀ ਘਟ ਸਕਦੀ ਹੈ।

ਡਾ. ਸ਼ਰਮਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਕੈਂਸਰ ਇਲਾਜ ਲਈ ਵਿੱਤੀ ਸਹਾਇਤਾ ਦੇ ਵਿਸਥਾਰ ਨਾਲ ਹੋਰ ਪੁਰਸ਼ ਬਿਨਾਂ ਆਰਥਿਕ ਬੋਝ ਦੀ ਚਿੰਤਾ ਕੀਤੇ ਸਮੇਂ ਸਿਰ ਇਲਾਜ ਕਰਵਾ ਰਹੇ ਹਨ। ਇਸ ਨਾਲ ਮਰੀਜ਼ਾਂ ਦੀਆਂ ਚਿੰਤਾਵਾਂ ਘਟੀਆਂ ਹਨ, ਆਪਣੀ ਜੇਬ ਤੋਂ ਹੋਣ ਵਾਲਾ ਖਰਚ ਘਟਿਆ ਹੈ ਅਤੇ ਸੂਬੇ ਭਰ ਵਿੱਚ ਜੀਵਨ ਬਚਾਉਣ ਵਾਲੇ ਇਲਾਜਾਂ ਤੱਕ ਪਹੁੰਚ ਬਿਹਤਰ ਹੋਈ ਹੈ।