ਮਾਨਸਾ, 05 ਜਨਵਰੀ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਸਕੀਮ ਅਧੀਨ ਪੰਜਾਬ ਦੇ ਵਸਨੀਕ ਕੈਂਸਰ ਦੇ ਮਰੀਜ਼ ਦਾ ਡੇਢ ਲੱਖ ਰੁਪਏ ਤੱਕ ਦਾ ਇਲਾਜ਼ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਗੁਰਚੇਤਨ ਪ੍ਰਕਾਸ਼ ਨੇ ਦੱਸਿਆ ਕਿ ਇਹ ਸਕੀਮ ਸਾਲ 2012 ਤੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਦੇ ਤਹਿਤ ਜ਼ਿਲ੍ਹੇ ਵਿਚ ਹੁਣ ਤੱਕ 2775 ਵਿਅਕਤੀਆਂ ਨੇ ਦਰਖਾਸਤਾਂ ਦਿੱਤੀਆਂ ਜੋ ਕਿ ਸਾਰੀਆਂ ਮਨਜ਼ੂਰ ਹੋ ਚੁੱਕੀਆਂ ਹਨ ਅਤੇ 36,52,82,560 ( ਛੱਤੀ ਕਰੋੜ ਬਵੰਜਾ ਲੱਖ ਬਿਆਸੀ ਹਜਾਰ ਪੰਜ ਸੋ ਸੱਠ) ਰੁਪਏ ਦਾ ਇਲਾਜ਼ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ 2023 ਦੌਰਾਨ 70 ਵਿਅਕਤੀਆਂ ਨੇ ਦਰਖਾਸਤਾਂ ਦਿੱਤੀਆਂ ਅਤੇ 66,50,000 (ਛਿਆਹਟ ਲੱਖ ਪੰਜਾਹ ਹਜਾਰ) ਰੁਪਏ ਦੇ ਇਲਾਜ਼ ਦਾ ਲਾਭ ਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਛਾਤੀ ਵਿਚ ਗਿਲ੍ਹਟੀ, ਮਾਹਵਾਰੀ ਦੌਰਾਨ ਬਦਲਾਅ, ਵਾਰ ਵਾਰ ਖੂਨ ਆਉਣਾ, ਬੱਚੇਦਾਨੀ ਵਿੱਚ ਰਸੌਲੀ ਜਾਂ ਕੋਈ ਹੋਰ ਤਕਲੀਫ ਹੁੰਦੀ ਹੈ ਤਾਂ ਉਹ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣੇ ਟੈਸਟ ਕਰਵਾਉਣ। ਟੈਸਟ ਦੌਰਾਨ ਜੇਕਰ ਕਿਸੇ ਮਰੀਜ਼ ’ਚ ਕੈਂਸਰ ਦੀ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਇਲਾਜ ਉਸ ਦਿਨ ਤੋਂ ਹੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਡੇਢ ਲੱਖ ਰੁਪਏ ਤੱਕ ਦਾ ਸਾਰੇ ਇਨਪੈਨਲਡ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਵਿੱਤੀ ਸਹਾਇਤਾ ਕੈਂਸਰ ਦੇ ਖਰਚੇ ਲਈ ਸਬੰਧਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ ਨਾ ਕਿ ਮਰੀਜ਼ ਨੂੰ। ਉਨ੍ਹਾਂ ਦੱਸਿਆ ਕਿ ਫਸਲਾਂ ’ਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਕੇ, ਕੈਂਸਰ ਅਤੇ ਇਸ ਦੇ ਮੁਢਲੇ ਚਿੰਨ੍ਹ ਦੀ ਜਲਦੀ ਪਹਿਚਾਣ, ਸ਼ਰਾਬ ਅਤੇ ਤੰਬਾਕੂ ਬੀੜੀ ਸਿਗਰਟ ਦੀ ਵਰਤੋਂ ਨਾ ਕਰਨਾ, ਸ਼ੱਕ ਪੈਣ ’ਤੇ ਸਮੇਂ ਸਿਰ ਜਾਂਚ ਕਰਾਉਣੀ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਨਾ ਕਰਨ ਨਾਲ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਾਨੂੰ ਸਿਹਤਮੰਦ ਖ਼ੁਰਾਕ ਖਾਣੀ ਚਾਹੀਦੀ ਹੈ। ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਣਚਾਹੀ ਰਸੌਲੀ ਗਿਲ੍ਹਟੀ ਆਦਿ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ, ਔਰਤਾਂ ਵਿੱਚ ਮਾਹਵਾਰੀ ਦੇ ਲੱਛਣਾਂ ਦੇ ਬਦਲਾਵ ਤੇ ਡਾਕਟਰ ਦੀ ਸਲਾਹ ਲੈਣੀ , ਤੰਬਾਕੂ, ਸਿਗਰਟ, ਸ਼ਰਾਬ ਦਾ ਸੇਵਨ ਨਾ ਕਰਨਾ ਤੇ ਆਪਣਾ ਆਲਾ ਦੁਆਲਾ ਸਾਫ ਰੱਖ ਕੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ
ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ


