ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਪਣੀ ਰੁਚੀ ਵਧਾਉਣੀ ਚਾਹੀਦੀ ਹੈ-ਐਸ.ਪੀ.ਜਸਕੀਰਤ ਸਿੰਘ

Mansa Politics Punjab

ਮਾਨਸਾ, 18 ਨਵੰਬਰ :
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਆਪਣੀ ਰੁਚੀ ਵਧਾਉਣੀ ਚਾਹੀਦੀ ਹੈ, ਇਸ ਨਾਲ ਜਿੱਥੇ ਚੰਗੇ ਖਿਡਾਰੀ ਦੀ ਇੱਕ ਵਿਲੱਖਣ ਪਹਿਚਾਣ ਬਣਦੀ ਹੈ, ਉਥੇ ਹੀ ਉਹ ਜ਼ਿੰਮੇਵਾਰ ਨਾਗਰਿਕ ਬਣ ਕੇ ਸਮਾਜ ਵਿੱਚ ਵਿਚਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ.ਪੀ. ਸ਼੍ਰੀ ਜਸਕਿਰਤ ਸਿੰਘ ਨੇ ਅੱਜ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੁਸ਼ਤੀ ਅਤੇ ਜੂਡੋ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਧਾਲੀਵਾਲ, ਸਕੱਤਰ ਪੰਜਾਬ ਕੁਸ਼ਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਸ਼ਾਹਬਾਜ਼ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਕੋਚ ਅਤੇ ਖਿਡਾਰੀ ਮੌਜੂਦ ਸਨ।
ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਕੁੜੀਆਂ ਦੇ ਅੰਡਰ-14 ਦੇ ਜੂਡੋ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਨਵੰਬਰ ਤੱਕ ਚੱਲਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਦੇ ਰਾਜ ਪੱਧਰੀ ਮੁਕਾਬਲਿਆਂ ਦੇ ਚੌਥੇ ਦਿਨ ਖਿਡਾਰੀਆਂ ਨੇ ਆਪਣਾ ਪੂਰਾ ਦਮ-ਖਮ ਦਿਖਾਉਂਦਿਆਂ ਜਿੱਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਦੱਸਿਆ ਕਿ 28 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਮੁਸਕਾਨ, 32 ਕਿਲੋ ਵਿੱਚ ਜਲੰਧਰ ਦੀ ਹੀ ਪ੍ਰਿਆ, 36 ਕਿਲੋ ਵਿੱਚ ਫਾਜ਼ਿਲਕਾ ਦੀ ਭਾਰਤੀ, 40 ਕਿਲੋ ਵਿੱਚ ਫਾਜ਼ਿਲਕਾ ਦੀ ਤਾਨਿਆ, 44 ਕਿਲੋ ਵਿੱਚ ਜਲੰਧਰ ਦੀ ਤ੍ਰਿਪਤੀ, 48 ਕਿਲੋ ਵਿੱਚ ਅੰਮ੍ਰਿਤਸਰ ਦੀ ਜੀਵਿਕਾ, 52 ਕਿਲੋ ਵਿੱਚ ਗੁਰਦਾਸਪੁਰ ਦੀ ਕਾਵਯਾ ਸ਼ਰਮਾ, 57 ਕਿਲੋ ਵਿੱਚ ਗੁਰਦਾਸਪੁਰ ਦੀ ਸੀਰਤ ਲੂਨਾ ਅਤੇ 57 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮੁੰਡਿਆਂ ਦੇ ਅੰਡਰ-14 ਜੂਡੋ ਮੁਕਾਬਲਿਆਂ ਦੇ 30 ਕਿਲੋ ਭਾਰ ਵਰਗ ਵਿੱਚ  ਪਟਿਆਲਾ ਦੇ ਤਨੇਯ, 35 ਕਿਲੋ ਵਿੱਚ ਪਟਿਆਲਾ ਦੇ ਰਾਜ ਕੁਮਾਰ, 40 ਕਿਲੋ ਵਿਚ ਫਾਜ਼ਿਲਕਾ ਦੇ ਈਸ਼ੂ, 45 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੇ ਸਤਿਯਮ ਯਾਦਵ, 50 ਕਿਲੋ ਵਿੱਚ ਮੋਹਾਲੀ ਦੇ ਜਤਿਨ, 55 ਕਿਲੋ ’ਚ ਅੰਮ੍ਰਿਤਸਰ ਦੇ ਕਾਰਤਿਕ ਪ੍ਰਤਾਪ, 60 ਕਿਲੋ ਵਿੱਚ ਹੁਸ਼ਿਆਰਪੁਰ ਦੇ ਅੰਨਯ ਸ਼ਰਮਾ, 66 ਕਿਲੋ ਵਿੱਚ ਅਰਮਾਨ ਧੁਰੀਆ ਅਤੇ 66 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਕ੍ਰਿਸ਼ਨਾ ਨੇ ਪਹਿਲਾ ਸਥਾਨ ਹਾਸਲ ਕੀਤਾ।