ਐਸ.ਏ.ਐਸ.ਨਗਰ, 04 ਮਾਰਚ
ਨਹਿਰੂ ਯੁਵਾ ਕੇਂਦਰ ਮੁਹਾਲੀ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਵੱਲੌਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਨੂੰ ਪ੍ਰਫੂਲਿਤ ਕਰਨ ਅਤੇ ਭਖਦੇ ਯੁਵਕ ਮਸਲਿਆਂ ਬਾਰੇ ਯੁਵਾ ਸੰਸਦ ਦਾ ਆਯੋਜਨ ਕੀਤਾ ਗਿਆ। ਇਸ ਯੁਵਾ ਸੰਸਦ ਦਾ ਸੁਨੇਹਾ ਸੀ”ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ” ਜਿਸ ਵਿੱਚ 300 ਤੋਂ ਵਧੇਰੇ ਯੂਥ ਕਲੱਬਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ ਐਸ.ਡੀ.ਐਮ ਕਮ ਸਹਾਇਕ ਰਿਟਰਨਿੰਗ ਅਫ਼ਸਰ ਖਰੜ ਗੁਰਮੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ, ਪਦਮ ਸ੍ਰੀ ਪ੍ਰੇਮ ਸਿੰਘ ਨੇ ਬਤੌਰ ਮੁੱਖ ਬੁਲਾਰੇ ਅਤੇ ਪ੍ਰਿੰਸੀਪਲ ਰਾਜੀਵ ਪੁਰੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਐਸ.ਡੀ.ਐਮ ਗੁਰਮੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਉਨਤੀ ਵਿਚ ਧੁਰੇ ਦਾ ਕੰਮ ਕਰਦੇ ਹਨ ਅਤੇ ਸੁਨੇਹਾ ਦਿੱਤਾ ਕਿ ਆਵੋ ਭਾਰਤੀ ਚੌਣ ਕਮਿਸ਼ਨ ਦੇ ਸੰਕਲਪ ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ ਦੀ ਪ੍ਰੋੜਤਾ ਕਰਦੇ ਹੋਏ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਕਰੀਏ। ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਅੱਜ ਦੀ ਯੁਵਾ ਸੰਸਦ ਮੁੱਖ ਮਕਸਦ ਨੌਜਵਾਨਾਂ ਵਿਚ ਲੋਕ ਮੁੱਦਿਆਂ ਪ੍ਰਤੀ ਜਾਗ੍ਰਿਤੀ ਫੈਲਾਉਣਾ ਉਹਨਾਂ ਨੂੰ ਸਮਾਜਿਕ ਕੁਰੀਤੀਆਂ ਦੂਰ ਕਰਨ ਹਿੱਤ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਨਾਉਣਾ ਅਤੇ ਨੌਜਵਾਨਾਂ ਵਿੱਚ ਦੇਸ਼ ਕੌਮ ਪ੍ਰਤੀ ਸੇਵਾ ਭਾਵਨਾ ਨੂੰ ਪ੍ਰਫੂਲਿਤ ਕਰਨਾ ਹੈ। ਨਹਿਰੂ ਯੁਵਾ ਕੇਂਦਰ ਪੰਜਾਬ ਦੇ ਨਿਰਦੇਸ਼ਕ ਪਰਮਜੀਤ ਸਿੰਘ ਨੇ ਨੌਜਵਾਨਾਂ ਦੇ ਸਮਾਜਿਕ ਵਿਕਾਸ ਵਿੱਚ ਨਹਿਰੂ ਯੁਵਾ ਕੇਂਦਰ ਦੇ ਰੋਲ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾ ਨੌਜਵਾਨਾਂ ਨੂੰ ਜਾਤ, ਧਰਮ, ਖੇਤਰਬਾਦ ਤੋਂ ਉਪਰ ਉੱਠ ਕੇ 100% ਮਤਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਯੁਵਾ ਸੰਸਦ ਦੌਰਾਨ ਬਲਦੀਪ ਕੌਰ ਸਰਕਾਰੀ ਸਕੂਲ ਗੀਗੇਮਾਜਰਾ ਨੇ ਔਰਤ ਸ਼ਸ਼ਕਤੀਕਰਨ ਦੀ ਗੱਲ ਕਰਦੇ ਹੋਏ ਲੜਕੀਆਂ ਨੂੰ ਵੋਟ ਕਰਨ ਦੀ ਅਪੀਲ ਕੀਤੀ। ਰਣਵੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਨੇ ਨੌਜਵਾਨਾਂ ਨੂੰ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ। ਪਦਮ ਸ਼੍ਰੀ ਪ੍ਰੇਮ ਸਿੰਘ ਨੇ ਅਖੰਡ ਭਾਰਤ ਵਿੱਚ ਲੋਕਤੰਤਰ ਦੀ ਮਜ਼ਬੂਤੀ ਲਈ ਸਮੂਹ ਵਰਗਾਂ ਨੂੰ ਵੋਟ ਪਾਉਣ ਵਿਸ਼ੇਸ਼ ਕਰਕੇ ਸ਼ਹਿਰੀ ਖੇਤਰ ਦੇ ਵੋਟਰਾਂ ਨੂੰ ਅਪੀਲ ਕੀਤੀ। ਯੁਵਾ ਸੰਸਦ ਦੌਰਾਨ ਨੌਜਵਾਨ ਬੁਲਾਰੇ ਅਵਿਂਤਿਕਾ, ਅਜੈ ਲਾਬਾਂ ਨੇ ਨਸ਼ਿਆਂ ਦੇ ਦੁਰ ਪ੍ਰਭਾਵ, ਸੁਮਨ ਅਤੇ ਹਿਮਾਂਸ਼ੂ ਯਾਦਵ ਨੇ ਵੋਟ ਦੀ ਤਾਕਤ ਅਤੇ ਸਾਜੀਆਂ ਅਤੇ ਸਵਿਤਾ ਨੇ ਔਰਤ ਦੀ ਸਮਾਜ ਵਿਚ ਦੇਣ ਅਤੇ ਅੰਤਰ-ਰਾਸ਼ਟਰੀ ਮਹਿਲਾ ਸਪਤਾਹ ਦੀ ਮਹੱਤਤਾ ਤੇ ਵਿਚਾਰ ਚਰਚਾ ਕੀਤੀ। ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ ਚੋਣਾਂ ਨਾਲ. ਸਬੰਧਤ ਵੱਖ ਵੱਖ ਮੋਬਾਈਲ ਐਪਸ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੌਂ ਨੌਜਵਾਨਾਂ ਨੂੰ ਵੋਟ ਪਾਉਣ ਲਈ ਕਸਮ ਚੁਕਾਈ। ਮੰਚ ਸੰਚਾਲਨ ਦੀ ਭੂਮਿਕਾ ਨੀਤੂ ਗੁਪਤਾ ਅਤੇ ਮੈਡਮ ਅਮਨਦੀਪ ਕੌਰ ਨੇ ਨਿਭਾਈ। ਕਾਲਜ ਦੇ ਮੁਖੀ ਵਿਭੂ ਪ੍ਰਵੀਨ ਕੌਰ ਅਤੇ ਰਵਿੰਦਰ ਵਾਲੀਆ ਨੇ ਧੰਨਵਾਦੀ ਸ਼ਬਦ ਕਹੇ।
ਨਹਿਰੂ ਯੁਵਾ ਕੇਂਦਰ ਅਤੇ ਸਵੀਪ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਯੁਵਾ ਸੰਸਦ ਦਾ ਆਯੋਜਨ


