ਨਿਊ ਚੰਡੀਗੜ੍ਹ (ਐਸ.ਏ.ਐਸ. ਨਗਰ), 6 ਅਕਤੂਬਰ: ਭਗਵੰਤ ਮਾਨ ਸਰਕਾਰ ਦੀ ਪਹਿਲਕਦਮੀ ਤਹਿਤ ਸੀ ਐਮ ਦੀ ਯੋਗਸ਼ਾਲਾ ਤਹਿਤ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਨਿਊ ਚੰਡੀਗੜ੍ਹ ਇਲਾਕੇ ਦੇ ਵਸਨੀਕਾਂ ਦੀ ਜੀਵਨ ਸ਼ੈਲੀ ‘ਚ ਜ਼ਬਰਦਸਤ ਤਬਦੀਲੀ ਲਿਆ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੀ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਲੋਕ ਯੋਗ ਆਸਣਾਂ ਨਾਲ ਆਰਾਮ ਮਹਿਸੂਸ ਕਰਦੇ ਹਨ ਅਤੇ ਰੋਜ਼ਾਨਾ ਯੋਗਾ ਕਰਕੇ ਆਪਣੀਆਂ ਪੁਰਾਣੀਆਂ ਬਿਮਾਰੀਆਂ ਜਿਵੇਂ ਕਿ ਕਮਰ ਦਰਦ, ਬੈਠਣ ਸੰਬੰਧੀ ਸਮੱਸਿਆਵਾਂ, ਔਰਤਾਂ ਨਾਲ ਸਬੰਧਤ ਸਮੱਸਿਆਵਾਂ, ਹਾਈ ਬੀ ਪੀ ਅਤੇ ਬਲੱਡ ਸ਼ੂਗਰ ਤੋਂ ਛੁਟਕਾਰਾ ਪਾ ਰਹੇ ਹਨ। ਕਵਿਤਾ, ਇੱਥੋਂ ਦੀ ਨੌਜਵਾਨ ਟ੍ਰੇਨਰ ਅਤੇ ਬ੍ਰਹਮਰਿਸ਼ੀ ਯੋਗਾ ਕਾਲਜ, ਸੈਕਟਰ 19, ਚੰਡੀਗੜ੍ਹ ਤੋਂ ਬੀ ਐੱਡ ਇੰਨ ਯੋਗਾ, ਦੱਸਦੀ ਹੈ ਕਿ ਨਵੇਂ ਚੰਡੀਗੜ੍ਹ ਦੇ ਓਮੈਕਸ ਖੇਤਰ ਵਿੱਚ ਇੱਥੇ ਇੱਕ ਦਿਨ ਵਿੱਚ ਛੇ ਕਲਾਸਾਂ ਲਾਈਆਂ ਜਾਂਦੀਆਂ ਹਨ। ਲਗਭਗ 150-170 ਭਾਗੀਦਾਰ ਰੋਜ਼ਾਨਾ ਸਵੇਰੇ ਤੋਂ ਸ਼ਾਮ ਤੱਕ ਐਂਬਰੋਸੀਆ ਪਾਰਕ, ਸਿਲਵਰ ਪਾਰਕ ਅਤੇ ਅੰਬਿਕਾ ਪਾਰਕ ਵਿੱਚ ਆਪਣੇ ਢੁਕਵੇਂ ਸਮੇਂ ਅਨੁਸਾਰ ਕਲਾਸਾਂ ਵਿੱਚ ਸ਼ਾਮਲ ਹੁੰਦੇ ਹਨ। ਉਸਨੇ ਕਿਹਾ ਕਿ ਭਾਗੀਦਾਰਾਂ ਨੇ ਕਲਾਸਾਂ ਵਿੱਚ ਯੋਗਾ ਆਸਣ ਕਰਨ ਤੋਂ ਬਾਅਦ ਸਿਹਤ ਸਮੱਸਿਆਵਾਂ ਵਿੱਚ ਸੁਧਾਰ ਮਹਿਸੂਸ ਕਰਕੇ ਚੰਗੀ ਫੀਡਬੈਕ ਦਿੱਤੀ ਹੈ, ਜਿਨ੍ਹਾਂ ਦਾ ਕਿ ਉਨ੍ਹਾਂ ਨੂੰ ਰੋਜ਼ਾਨਾ ਸਾਹਮਣਾ ਕਰਨਾ ਪੈਂਦਾ ਸੀ। ਮਾਨਸੀ, ਅੰਬਿਕਾ, ਭੂਮਿਕਾ ਅਤੇ ਵੀਨਾ ਜਿਹੀਆਂ ਆਪਣੀਆਂ ਕਲਾਸਾਂ ਦੇ ਕੁਝ ਭਾਗੀਦਾਰਾਂ ਦਾ ਨਾਂ ਲੈਂਦਿਆਂ, ਉਸਨੇ ਕਿਹਾ ਕਿ ਇਹ ਭਾਗੀਦਾਰ ਕਲਾਸਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਮਰ ਦਰਦ, ਹਾਰਮੋਨਲ ਅਸੰਤੁਲਨ ਅਤੇ ਚੱਲਣ ਦੀਆਂ ਸਮੱਸਿਆਵਾਂ ਆਦਿ ਤੋਂ ਪੀੜਤ ਸਨ, ਹੁਣ ਉਨ੍ਹਾਂ ਦੀ ਸਿਹਤ ਵਿੱਚ ਜ਼ਿਕਰਯੋਗ ਤਬਦੀਲੀ ਮਹਿਸੂਸ ਹੋ ਰਹੀ ਹੈ। ਇਨ੍ਹਾਂ ਭਾਗੀਦਾਰਾਂ ਨੇ ਯੋਗਾ ਕਲਾਸਾਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਨੂੰ ਸਿਹਤਮੰਦ ਅਤੇ ਬੇਹਤਰੀਨ ਜੀਵਨ ਪ੍ਰਦਾਨ ਕਰਨ ਚ ਮਦਦਗਾਰ ਹੋਈਆਂ। ਕਵਿਤਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਸੀਐਮ ਦੀ ਯੋਗਸ਼ਾਲਾ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਯੋਗਾ ਕਲਾਸਾਂ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਇੱਕ ਸਮਰਪਿਤ ਸਮੇਂ ਤੋਂ ਇਲਾਵਾ ਕਲਾਸ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਹੈ।
ਸੀ ਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਾ ਕਲਾਸਾਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਦੀਆਂ ਵਾਹਕ ਬਣੀਆਂ


