ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ

Ferozepur

ਫ਼ਿਰੋਜ਼ਪੁਰ,18 ਮਈ 2024:

ਕਾਰਜਕਾਰੀ ਸਿਵਲ ਸਰਜਨ ਡਾ.ਮੀਨਾਕਸ਼ੀ ਅਬਰੋਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ।

                     ਇਸ ਮੌਕੇ ਜਾਣਕਾਰੀ ਦਿੰਦਿਆ ਡਾ. ਮੀਨਾਕਸ਼ੀ ਅਬਰੋਲ ਨੇ ਕਿਹਾ ਕਿ ਹਾਈਪਰਟੈਨਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ, ਸਟ੍ਰੋਕ, ਦਿਲ ਦੇ ਦੌਰੇ ਤੇ ਗੁਰਦੇ ਦੀ ਬਿਮਾਰੀ ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜੋਰੀ) ਦਾ ਕਾਰਨ ਵੀ ਬਣ ਸਕਦੀ ਹੈ। ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਕਈ ਵਾਰ ਇਸਦਾ ਕੋਈ ਵੀ ਲੱਛਣ ਨਹੀਂ ਹੋ ਸਕਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਹਾਈਪਰਟੈਨਸ਼ਨ ਬਾਰੇ ਜਾਗਰੂਕਤਾ ਵਧਾਉਣਾ ਹੈ, ਜਿਸ ਨੂੰ ਆਮ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਕੇ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਜੀਓ ਸਕਦੇ ਹਾਂ। ਬਲੱਡ ਪ੍ਰੈਸ਼ਰ ਦੇ ਸਹੀ ਮਾਪ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੀ ਇਸ ਦਾ ਮੁੱਖ ਮੱਕਸਦ ਹੈ।

                 ਇਸ ਮੌਕੇ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੰਦੀਪ ਨੇ ਦੱਸਿਆ ਕਿ ਵਿਸ਼ਵ ਦੀ ਆਬਾਦੀ ਦਾ 30 ਪ੍ਰਤੀਸ਼ਤ ਤੋਂ ਵੱਧ, ਭਾਵ ਵਿਸ਼ਵ ਦੀ 1 ਅਰਬ ਤੋਂ ਵੱਧ ਆਬਾਦੀ ਹਾਈਪਰਟੈਨਸ਼ਨ ਤੋਂ ਪ੍ਰਭਾਵਿਤ ਹੈ। ਹਾਈਪਰਟੈਨਸ਼ਨ ਭਾਰਤ ਵਿੱਚ ਵੱਧ ਰਹੀ ਸਮੱਸਿਆ ਹੈ ਅਤੇ ਸਿਹਤ ਪ੍ਰਣਾਲੀ ‘ਤੇ ਮਹੱਤਵਪੂਰਨ ਬੋਝ ਦਾ ਕਾਰਨ ਬਣਦੀ ਜਾ ਰਹੀ ਹੈ। ਹਾਲਾਂਕਿ ਇਸਦਾ ਕੋਈ ਇਲਾਜ ਨਹੀਂ ਹੈ, ਦਵਾਈਆਂ ਦੀ ਵਰਤੋਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ। ਜੀਵਨਸ਼ੈਲੀ ਵਿੱਚ ਮਹੱਤਵਪੂਰਨ ਤਬਦੀਲੀਆਂ, ਜਿਵੇਂ ਕਿ ਚੰਗੀ-ਸੰਤੁਲਿਤ ਖੁਰਾਕ , ਲੂਣ ਦੀ ਮਾਤਰਾ ਘੱਟ, ਸ਼ਰਾਬ ਦੀ ਵਰਤੋ ਨਾ ਕਰਨਾ, ਨਿਯਮਤ ਸਰੀਰਕ ਗਤੀਵਿਧੀ ਕਰਨਾ, ਤਣਾਅ ਦਾ ਪ੍ਰਬੰਧਨ ਕਰਨਾ, ਸਹੀ ਸ਼ਰੀਰਕ ਭਾਰ ਬਣਾ ਕੇ ਰੱਖਣਾ, ਸਿਗਰਟਨੋਸ਼ੀ ਨਾ ਕਰਨਾ, ਆਪਣੀਆਂ ਦਵਾਈਆਂ ਸਹੀ ਢੰਗ ਨਾਲ ਲੈਣਾ ਅਤੇ ਆਪਣੇ ਡਾਕਟਰ ਦੀ ਸਲਾਹ ਤੇ ਕੰਮ ਕਰਨਾ ਆਦਿ ਨਾਲ ਕਾਫੀ ਹੱਦ ਤੱਕ ਬਲੱਡ ਪ੍ਰੈਸਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।

            ਇਸ ਮੌਕੇ ਸ਼ਹਿਰੀ ਮੁੱਢਲਾ ਸਿਹਤ ਕੇਂਦਰ, ਬਸਤੀ ਟੈਂਕਾਂ ਵਾਲੀ ਵਿਖੇ ਡਾ. ਤਰਣਪਾਲ ਵਲੋਂ ਸਪੈਸ਼ਲ ਕੈਂਪ ਰਾਹੀਂ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਅਤੇ ਆਪਣੇ ਬਲੱਡ ਪ੍ਰੈਸ਼ਰ ਨੂੰ ਸਥਾਈ ਰੱਖਣ ਲਈ ਸਵੇਰੇ ਸ਼ਾਮ ਦੀ ਸੈਰ ਅਤੇ ਖਾਣ-ਪੀਣ ਦੀਆਂ ਵਸਤੂਆਂ ਜਿਸ ਵਿਚ ਰੇਸ਼ੇਦਾਰ ਭਰਪੂਰ ਭੋਜਨ ਲੈਣ ਲਈ ਕਿਹਾ ਗਿਆ। ਇਸ ਮੌਕੇ ਐਸ.ਬੀ.ਐੱਸ. ਨਰਸਿੰਗ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਗੁਰਦੀਪ ਕੌਰ, ਸਟਾਫ ਨਰਸ ਸੁਖਬੀਰ ਕੌਰ, ਲੈਬਾਰਟਰੀ ਟੈਕਨੀਸ਼ੀਅਨ ਸਿਮਰਜੀਤ ਮੋਜੂਦ ਸਨ।