ਤਪਾ, 23 ਮਾਰਚ
ਜਲ ਸਰੋਤ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਇੱਥੇ ਅੱਗਰਵਾਲ ਸਭਾ (ਰਜਿ.) ਵਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਸ. ਲਾਭ ਸਿੰਘ ਉੱਗੋਕੇ ਵੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਗਰਵਾਲ ਸਮਾਜ ਦੀ ਸਮਾਜਸੇਵਾ ਦੇ ਖੇਤਰ ਵਿੱਚ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਗਊਸ਼ਾਲਾਵਾਂ ਦਾ ਪ੍ਰਬੰਧ ਸੰਭਾਲਣ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਅੱਗਰਵਾਲ ਸਮਾਜ ਵਲੋਂ ਵੱਡੇ ਪੁੰਨ ਦੇ ਵੱਡੇ ਕਾਰਜ ਕੀਤੇ ਜਾ ਰਹੇ ਹਨ।
ਇਸ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਅੱਗਰਵਾਲ ਸਮਾਜ ਦੀ ਚੇਅਰ ਬਾਰੇ ਸਵਾਲ ‘ਤੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਅਰ ਸਥਾਪਿਤ ਕੀਤੀ ਗਈ ਸੀ, ਜਿਸ ਨਾਲ ਸਬੰਧਤ ਫੰਡ ਕਿਸੇ ਕਾਰਨ ਪਿਛਲੀਆਂ ਸਰਕਾਰਾਂ ਵਿੱਚ ਨਹੀਂ ਜਾਰੀ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਇਸ ਨੂੰ ਪੂਰ ਚੜਾਉਣ ਲਈ ਕਵਾਇਦ ਜਾਰੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੈਨ ਦੀ ਸਮਾਜ ਨੂੰ ਵੱਡੀ ਦੇਣ ਹੈ ਤੇ ਉਨ੍ਹਾਂ ਫਲਸਫੇ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਜਾਵੇਗਾ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਆਪਣੇ ਸਾਰੇ ਵਾਅਦੇ ਪੁਗਾਏ ਜਾ ਰਹੇ ਹਨ ਅਤੇ ਸੂਬਾ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ‘ਤੇ ਹੈ।
ਇਸ ਮਗਰੋਂ ਉਨ੍ਹਾਂ ਅੱਗਰਵਾਲ ਸਭਾ ਦੀ ਡਾਇਰੀ ਵੀ ਰਿਲੀਜ਼ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਡਾਇਰੈਕਟਰੀ ਵਿੱਚ ਅੱਗਰਵਾਲ ਸਮਾਜ ਦੇ ਸਾਰੇ ਆਗੂਆਂ ਸਮੇਤ ਹੋਰ ਅਹਿਮ ਨਾਮ ਅਤੇ ਸੰਪਰਕ ਨੰਬਰ ਦਰਜ ਹਨ, ਜਿਸ ਨਾਲ ਅੱਗਰਵਾਲ ਸਮਾਜ ਦੀ ਸਾਂਝ ਵਧੇਗੀ। ਉਨ੍ਹਾਂ ਕਿਹਾ ਕਿ ਇਹ ਅੱਗਰਵਾਲ ਸਭਾ ਤਪਾ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਅੱਗਰਵਾਲ ਸਮਾਜ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਭ ਦੇ ਸਹਿਯੋਗ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਵਿਆਪਕ ਪੱਧਰ ਉੱਤੇ ਜਾਰੀ ਹਨ।
ਇਸ ਮੌਕੇ ਅੱਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਜਨਰਲ ਸਕੱਤਰ ਸਰੇਸ਼ ਕੁਮਾਰ, ਨਗਰ ਕੌਂਸਲ ਤਪਾ ਦੇ ਪ੍ਰਧਾਨ ਸੋਨਿਕਾ ਬਾਂਸਲ, ਮੀਤ ਪ੍ਰਧਾਨ ਰਿਸ਼ੂ ਰੰਗੀ, ਅੱਗਰਵਾਲ ਸਭਾ ਤਪਾ ਦੇ ਪ੍ਰਧਾਨ ਮਦਨ ਲਾਲ ਗਰਗ ਤੇ ਹੋਰ ਪਤਵੰਤੇ ਹਾਜ਼ਰ ਸਨ।