ਜ਼ਿਲ੍ਹੇ ਨੂੰ ਮਿਲੀ 850 ਮੀਟ੍ਰਿਕ ਟਨ ਡੀ ਏ ਪੀ ਖਾਦ ਨਾਲ  ਡੀ ਏ ਪੀ ਦੀ  ਮੰਗ ਨੂੰ ਪਈ ਠੱਲ੍ਹ

Politics Punjab S.A.S Nagar

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਨਵੰਬਰ:

ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਅਤੇ ਖੇਤੀਬਾੜੀ ਵਿਭਾਗ ਦੇ ਯਤਨਾਂ ਸਦਕਾ ਪਿਛਲੇ ਦਿਨੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ 850 ਮੀਟ੍ਰਿਕ ਟਨ ਡੀ ਏ ਪੀ ਖਾਦ ਪ੍ਰਾਪਤ ਹੋਈ ਹੈ। ਇਸ ਵਿੱਚੋ 500 ਮੀਟ੍ਰਿਕ ਟਨ ਪ੍ਰਾਈਵੇਟ ਡੀਲਰਾਂ ਅਤੇ 350 ਮੀਟ੍ਰਿਕ ਟਨ ਸਹਿਕਾਰੀ ਸਭਾਵਾ ਨੂੰ ਸਪਲਾਈ ਹੋਈ ਹੈ, ਜਿਸ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਡੀਏਪੀ ਦੀ ਪੂਰਤੀ ਕਰਨ ‘ਚ ਵੱਡਾ ਲਾਭ ਮਿਲੇਗਾ। ਜ਼ਿਲ਼੍ਹੇ ਦੇ ਕਿਸਾਨਾਂ ਵੱਲੋਂ ਡੀ ਏ ਪੀ ਖਾਦ ਦੀਆਂ ਬਦਲਵੀਆਂ ਖਾਦਾਂ ਦਾ ਪ੍ਰਯੋਗ ਕਰਕੇ ਵੀ ਡੀਏਪੀ ਖਾਦ ਦੀ ਮੰਗ ਨੂੰ ਕਾਫੀ ਹੱਦ ਤੱਕ ਪੂਰਾ ਕਰ ਲਿਆ ਗਿਆ ਹੈ।
      ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ‘ਚ ਫਾਸਫੇਟਿਕ ਖਾਦਾਂ ਦਾ ਮਾਰਚ 2025 ਤੱਕ ਕੁਲ ਕੋਟਾ 7763 ਮੀਟ੍ਰਿਕ ਟਨ ਲੋੜੀਂਦਾ ਹੈ, ਜਿਸ ਵਿੱਚੋਂ ਹੁਣ ਤਕ 5334 ਮੀਟ੍ਰਿਕ ਟਨ ਦੀ ਸਪਲਾਈ ਹੋ ਚੁੱਕੀ ਹੈ।
    ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਕਿਸਾਨਾਂ ਨੂੰ ਖੇਤੀਬਾੜੀ ਅਧਿਕਾਰੀਆਂ ਵੱਲੋਂ ਲਗਾਤਾਰ ਡੀਏਪੀ ਖਾਦ ਦੇ ਬਦਲਵੇਂ ਫਾਸਫੇਟਿਕ ਮਿਸ਼ਰਣਾਂ/ਖਾਦਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਡੀਏਪੀ ਦੀ ਥਾਂ ‘ਤੇ ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ ਅਤੇ ਐਨ ਪੀ ਕੇ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ, ਇਸ ਲਈ ਕਿਸਾਨਾਂ ਨੂੰ ਕੇਵਲ ਡੀ ਏ ਪੀ ‘ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।
      ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਅੱਜ ਖਾਦ ਸਟਾਕ ਦੀ ਚੈਕਿੰਗ ਲਈ ਭਾਗੋ ਮਾਜਰਾ ਸਹਿਕਾਰੀ ਸਭਾ ਦਾ ਦੌਰਾ ਕਰਕੇ ਖਾਦ ਰਿਕਾਰਡ ਵੀ ਜਾਂਚਿਆ ਗਿਆ।