ਜਦੋਂ ਪਰਾਲੀ ਖੇਤ ਨੂੰ ਨੁਕਸਾਨ ਕਰਨ ਦੀ ਬਜਾਇ ਖਾਦ ਦਾ ਕੰਮ ਕਰ ਰਹੀ, ਤਾਂ ਕਿਉਂ ਸਾੜਨੀ ਪਰਾਲੀ”-ਕਿਸਾਨ ਬਲਜਿੰਦਰ ਸਿੰਘ

Moga Punjab

ਮੋਗਾ, 14 ਨਵੰਬਰ,

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸਦਾ ਮਾੜਾ ਪ੍ਰਭਾਵ ਵਾਤਾਵਰਨ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਸਿੰਘਾਂਵਾਲਾ ਦਾ ਕਿਸਾਨ ਬਲਜਿੰਦਰ ਸਿੰਘ ਸਪੁੱਤਰ ਜਸਵਿੰਦਰ ਸਿੰਘ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ 90 ਏਕੜ ਜਮੀਨ ਵਿੱਚ ਵਾਤਾਵਰਨ ਪੱਖੀ ਖੇਤੀਬਾੜੀ ਕਰ ਰਿਹਾ ਹੈ।

ਕਿਸਾਨ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਉਹ ਹੈਪੀ ਸੀਡਰ ਨਾਲ ਕਰਦਾ ਹੈ, ਹੈਪੀ ਸੀਡਰ ਨਾਲ ਘੱਟ ਖਰਚੇ ਨਾਲ ਕਣਕ ਦੀ ਬਿਜਾਈ ਹੋ ਜਾਂਦੀ ਹੈ ਉਥੇ ਨਾਲ ਹੀ ਉਹਨਾਂ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਵੀ ਛੁਟਕਾਰਾ ਮਿਲਿਆ ਹੈ। ਉਹਨਾਂ ਦੇ ਖੇਤ ਵਿੱਚ ਪਰਾਲੀ ਨੂੰ ਸਾਲ ਦਰ ਸਾਲ ਖੇਤ ਵਿੱਚ ਮਿਲਾਉਣ ਨਾਲ ਯੂਰੀਆ ਦੀ ਖਪਤ ਵੀ ਘੱਟ ਹੋਈ ਹੈ।  ਉਹ 90 ਏਕੜ ਰਕਬੇ ਵਿੱਚੋਂ 60 ਏਕੜ ਆਲੂਆਂ ਦੀ ਕਾਸ਼ਤ ਵੀ ਕਰਾ ਹੈ।  ਬਲਜਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨਾਲ ਜਦੋਂ ਖੇਤ ਨੂੰ ਕੋਈ ਨੁਕਸਾਨ ਹੀ ਨਹੀਂ ਹੈ ਤਾਂ ਇਸਨੂੰ ਸਾੜਨ ਦੀ ਕੀ ਜਰੂਰਤ ਹੈ, ਇਹ ਪਰਾਲੀ ਕਿਸਾਨਾਂ ਨੂੰ ਮੁਫਤ ਵਿੱਚ ਖਾਦ ਦੀ ਸਹੂਲੀਅਤ ਪ੍ਰਦਾਨ ਕਰਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੀ ਹੈ। ਸਰਕਾਰ ਦੇ ਨਵੇਂ ਆਏ ਆਧੁਨਿਕ ਖੇਤੀਬਾੜੀ ਉਪਕਰਨਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਕੋਈ ਵੀ ਜਰੂਰਤ ਨਹੀਂ ਹੈ, ਇਸ ਨਾਲ ਅਗਲੀ ਫ਼ਸਲ ਦੀ ਬਿਜਾਈ ਬਹੁਤ ਹੀ ਕਾਰਗਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਬਲਜਿੰਦਰ ਸਿੰਘ ਨੇ ਕਿਹਾ ਕਿ ਉਸਨੇ ਦੋ ਸਾਲ ਪਹਿਲਾਂ ਖੇਤੀਬਾੜੀ ਵਿਭਾਗ ਪਾਸੋਂ ਮਲਚਰ, ਪਲਾਓ, ਸੁਪਰਸੀਡਰ ਸੰਦ ਸਬਸਿਡੀ ਉਪਰ ਲਏ ਸਨ ਜਿਹਨਾਂ ਨਾਲ ਉਸਨੂੰ ਵਾਤਾਵਰਨ ਪੱਖੀ ਖੇਤੀਬਾੜੀ ਕਰਨ ਵਿੱਚ ਮੱਦਦ ਮਿਲੀ। ਉਸਨੇ ਦੱਸਿਆ ਕਿ ਪਲਾਓ ਉਪਰ ਉਸਨੂੰ 90 ਹਜਾਰ, ਮਲਚਰ ਉਪਰ 88 ਹਜਾਰ ਤੇ ਸੁਪਰ ਸੀਡਰ ਉਪਰ ਵੀ ਉਸਨੂੰ ਸਰਕਾਰ ਵੱਲੋਂ 88 ਹਜਾਰ ਰੁਪਏ ਸਬਸਿਡੀ ਦਿੱਤੀ ਗਈ ਜਿਸ ਲਈ ਉਹ ਸਰਕਾਰ ਦਾ ਧੰਨਵਾਦੀ ਹੈ। ਸਬਸਿਡੀ ਸਕੀਮ ਨਾਲ ਉਸਨੂੰ ਕਰੀਬ 3 ਲੱਖ ਰੁਪਏ ਸਸਤੇ ਖੇਤੀਬਾੜੀ ਸੰਦ ਮਿਲ ਗਏ ਹਨ। ਉਸਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਪੋਟਾਸ਼ ਖਾਦ ਦੀ ਮਾਤਰਾ ਵੀ ਘਟ ਗਈ ਹੈ। ਇਸ ਤੋਂ ਇਲਾਵਾ ਪਰਾਲੀ ਨਾਲ ਉਸਨੂੰ ਝੋਨੇ ਅਤੇ ਕਣਕ ਦੇ ਝਾੜ ਵਿੱਚ 10 ਫੀਸਦੀ ਵਾਧਾ ਵੀ ਮਿਲਿਆ ਹੈ।  
ਕਿਸਾਨ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਅਗਲੀ ਫਸਲ ਦੀ ਬਿਜਾਈ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਂਦੀ ਕਿਉਂਕਿ ਹੁਣ ਤਾਂ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਹੀ ਕਿਸਾਨਾਂ ਤੱਕ ਪਹੁੰਚਾ ਦਿੱਤੇ ਹਨ, ।

ਉਹਨਾਂ  ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।

ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਸਾਨ ਬਲਜਿੰਦਰ ਸਿੰਘ ਦੀ ਸ਼ਲਾਘਾ ਕੀਤੀ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਹਰ ਇੱਕ ਕਿਸਾਨ ਦੀ ਸਹਾਇਤਾ ਕਰ ਰਹੀ ਹੈ ਅਤੇ ਵਾਤਾਵਰਨ ਖੇਤੀਬਾੜੀ ਸੰਦ ਵੀ ਸਬਸਿਡੀ ਉਪਰ ਲੋੜੀਂਦੀ ਗਿਣਤੀ ਵਿੱਚ ਜ਼ਿਲ੍ਹੇ ਅੰਦਰ ਮੌਜੂਦ ਹਨ। ਕਿਸਾਨਾਂ ਲਈ ਇਸ ਸਬੰਧੀ ਸਹਾਇਤਾ ਸੈਂਟਰ ਵੀ ਖੋਲ੍ਹੇ ਗਏ ਹਨ।