ਸਰਫੇਸ ਸੀਡਰ ਨਾਲ ਬੀਜੀ ਕਣਕ ਦੀ ਫਸਲ,ਆਮ ਵਿਧੀ ਨਾਲ ਬੀਜੀ ਫਸਲ ਨਾਲੋਂ ਬੇਹਤਰ: ਮੁੱਖ ਖੇਤੀਬਾੜੀ ਅਫਸਰ

Faridkot

ਫ਼ਰੀਦਕੋਟ 3 ਮਾਰਚ 2024  (       ) ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸਾਂਭ ਸੰਭਾਲ ਬਾਰੇ ਕੇਂਦਰੀ ਪ੍ਰਯੋਜਿਤ ਸਕੀਮ ਤਹਿਤ ਰਤਨ ਟਾਟਾ ਟਰੱਸਟ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਕੋਟਕਪੂਰਾ ਵੱਲੋਂ ਪਿੰਡ ਝੱਖੜਵਾਲਾ ਵਿੱਚ ਅਗਾਂਹਵਧੂ ਕਿਸਾਨ ਜਗਦੀਸ਼ ਸਿੰਘ ਦੇ ਖੇਤਾਂ ਵਿੱਚ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ ਪ੍ਰਦਰਸ਼ਨੀ ਲਗਾਈ ਗਈ,ਜਿਸ ਦੇ ਬਹੁਤ ਹੀ ਬੇਹਤਰ ਨਤੀਜੇ ਸਾਹਮਣੇ ਆ ਰਹੇ ਹਨ।ਸਰਫੇਸ ਸੀਡਰ ਨਾਲ ਬੀਜੀ ਕਣਕ ਦੀ ਫਸਲ ਦਾ ਜਾਇਜ਼ਾ ਲੈਣ ਲਈ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਮੌਕੇ ਤੇ ਜਾਇਜ਼ਾ ਲਿਆ ਗਿਆ।

ਇਸ ਮੌਕੇ ਉਹਨਾਂ ਦੇ ਨਾਲ ਡਾ.ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ,ਭੁਪੇਸ਼ ਜੋਸ਼ੀ ਡਿਪਟੀ ਪੀ ਡੀ,ਹਰਮਨਦੀਪ ਸਿੰਘ ਫੀਲਡ ਅਫਸਰ ਰਤਨ ਟਾਟਾ ਟਰੱਸਟ.ਕਿਸਾਨ ਜਗਦੀਸ਼ ਸਿੰਘ ਹਾਜ਼ਰ ਸਨ।

          ਡਾ. ਅਮਰੀਕ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਫ਼ਰੀਦਕੋਟ ਨੂੰ ਸਾਲ 2024-25 ਦੌਰਾਨ ਜ਼ੀਰੋ ਬਰਨਿੰਗ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਬਹੁਤ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਾਲ 2023 -24 ਦੌਰਾਨ ਜ਼ਿਲਾ ਫ਼ਰੀਦਕੋਟ ਵਿੱਚ 2022 ਝੋਨੇ ਦੀ ਪਰਾਲੀ ਨੂੰ ੳੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਚਾਰ ਪਿੰਡਾਂ ਵਿੱਚ ਇੱਕ ਵੀ ਵਾਕਿਆ ਦਰਜ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਸਾਲ 2024-25 ਦੌਰਾਨ ਜ਼ਿਲਾ ਫ਼ਰੀਦਕੋਟ ਵਿੱਚ ਜ਼ੀਰੋ ਬਰਨਿੰਗ ਦਾ ਟੀਚਾ ਮਿਥਿਆ ਗਿਆ ਹੈ।ਉਹਨਾਂ ਦੱਸਿਆ ਕਿ ਹਾਟ ਸਪਾਟ ਪਿੰਡਾਂ ਵਿੱਚ ਵਿਸ਼ੇਸ਼ ਕਿਸਾਨ ਜਾਗਰੁਕਤਾ ਕੈਂਪ ਲਗਾਏ ਜਾਣਗੇ ਅਤੇ 2022 ਕਿਸਾਨਾਂ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲਾ ਫਰੀਦਕੋਟ ਦੇ ਸਮੂਹ ਕਿਸਾਨਾਂ ਨਾਲ ਟੈਲੀਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਹੋਣ ਵਾਲੇ ਨੁਕਸਾਨ ਅਤੇ ਖੇਤ ਵਿੱਚ ਪਰਾਲੀ ਸੰਭਾਲਣ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ।

 ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਜਗਦੀਸ਼ ਸਿੰਘ ਨੇ ਦੱਸਿਆ ਕਿ 5 ਨਵੰਬਰ 2023 ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਹਟਾਏ ਬਗੈਰ ਸਰਫੇਸ ਸੀਡਰ ਨਾਲ ਡੇਢ ਏਕੜ ਰਕਬੇ ਵਿੱਚ ਪਹਿਲੀ ਵਾਰ ਕਣਕ ਦੀ ਬਿਜਾਈ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਘਬਰਾਹਟ ਵੀ ਹੁੰਦੀ ਸੀ ਕਿ ਕਿਤੇ ਕਣਕ ਦੀ ਫਸਲ ਖਰਾਬ ਹੀ ਨਾਂ ਹੋ ਜਾਵੇ ਕਿਉਂਕਿ ਇਹ ਤਕਨੀਕ ਪਹਿਲੀ ਵਾਰ ਵਰਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਕੁਝ ਜਗ੍ਹਾਂ ਗੁਲਾਬੀ ਸੁੰਡੀ ਦਾ ਹਮਲਾ ਦੇਖਿਆ ਗਿਆ ਪਰ ਖੇਤੀਬਾੜੀ ਅਧਿਕਾਰੀਆਂ ਵੱਲੋਂ ਸਮੇਂ ਸਿਰ ਕੀਤੀ ਅਗਵਾਈ ਨਾਲ ਸਿਫਾਰਸ਼ ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਸੁੰਡੀ ਤੇ ਕਾਬੂ ਪਾ ਲਿਆ ਗਿਆ । ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਹੋਣ ਕਾਰਨ ਨਦੀਨ ਨਾਂ ਉੱਗਣ ਕਾਰਨ ਨਦੀਨਨਾਸ਼ਕ ਦੀ ਵਰਤੋਂ ਨਹੀਂ ਗਈ । ਉਹਨਾਂ ਕਿਹਾ ਕਿ ਹੁਣ ਤੱਕ ਇਸ ਫਸਲ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ ਜਿਸ ਕਾਰਨ ਕਿਸੇੇ ਵੀ ਉੱਲੀਨਾਸ਼ਕ ਦਾ ਛਿੜਕਾਅ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਭਵਿੱਖ ਵਿੱਚ ਸਰਫੇਸ ਸੀਡਰ ਤਕਨੀਕ ਦੀ ਸਫਲਤਾ ਨੂੰ ਵੇਖਦਿਆਂ ਪਿੰਡ ਵਿੱਚ ਇਸ ਤਕਨੀਕ ਨਾਲ ਹੋਰਨਾਂ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਕੀਤੀ ਜਾਵੇਗੀ। 

ਫੀਲਡ ਅਫਸਰ ਹਰਮਨਦੀਪ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਤੇ ਪਾਣੀ ਵੀ ਘੱਟ ਲੱਗਦਾ ਹੈ ਕਿਉਂਕਿ ਖੇਤ ਵਿੱਚ ਪਈ ਪਰਾਲੀ ਖੇਤ ਵਿੱਚ ਢੱਕਣੇ( ਮਲਚਿੰਗ) ਦਾ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਕਣਕ ਦੀ ਬਿਜਾਈ ਸਰਫੇਸ ਸੀਡਰ ਮਸ਼ੀਨ ਨਾਲ ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।