ਲੋਕਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਵੱਲੋਂ ਸਵਾਗਤ ਅਤੇ ਸਹਾਇਤਾ ਕੇਂਦਰ ਸਥਾਪਿਤ

Ferozepur

ਫ਼ਿਰੋਜ਼ਪੁਰ, 25 ਜੂਨ 2024:

          ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਆਮ ਜਨਤਾ ਨੂੰ ਖੱਜਲ-ਖੁਆਰੀ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਮਿੱਥੇ ਸਮੇਂ ਅੰਦਰ ਯਕੀਨੀ ਬਣਾਉਣ ਲਈ ਦਫ਼ਤਰ ਡਿਪਟੀ ਕਮਿਸ਼ਨਰ ਵਿਚ ਸਵਾਗਤ ਅਤੇ ਸਹਾਇਤਾ ਕੇਂਦਰ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਦਿੱਤੀ ਗਈ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਹਾਇਤਾ ਕੇਂਦਰ ਦਾ ਮੰਤਵ ਆਮ ਲੋਕਾਂ ਨੂੰ ਉਨ੍ਹਾਂ ਦੇ ਸਰਕਾਰੀ ਸਹੂਲਤਾਂ / ਪ੍ਰਸ਼ਾਸਕੀ ਕੰਮਾਂ ਨੂੰ ਕਰਵਾਉਣ ਲਈ ਮੱਦਦ ਕਰਨਾ ਹੈ ਤਾਂ ਕਿ ਉਹ ਜਾਣਕਾਰੀ ਦੇ ਅਭਾਵ ਵਿੱਚ ਖੱਜਲ ਖੁਆਰ ਨਾ ਹੋਣ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਸਵਾਗਤ ਅਤੇ ਸਹਾਇਤਾ ਕੇਂਦਰ ਡੀ.ਸੀ. ਦਫ਼ਤਰ ਦੀ ਮੁੱਖ ਐਂਟਰੀ ਕੋਲ ਹੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਪ੍ਰਭਾਵੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਹੈ, ਇਸ ਲਈ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਪਾਰਦਰਸ਼ੀ ਢੰਗ ਨਾਲ ਮਿੱਥੇ ਸਮੇਂ ਅੰਦਰ ਦੇਣੀਆਂ ਯਕੀਨੀ ਬਣਾਉਣ।

          ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਸ੍ਰੀ ਸੂਰਜ ਨੇ ਦੱਸਿਆ ਕਿ ਸਵਾਗਤ ਅਤੇ ਸਹਾਇਤਾ ਕੇਂਦਰ ’ਤੇ ਇਕ ਰਿਸੈਪਸ਼ਨ-ਕਮ-ਹੈਲਪ ਡੈਸਕ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਕੰਮ ਕਰੇਗਾ। ਡੈਸਕ ‘ਤੇ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਪੂਰੀ ਗੱਲ ਸੁਣਕੇ ਉਨ੍ਹਾਂ ਨੂੰ ਸਬੰਧਤ ਦਫ਼ਤਰ ਤਕ ਜਾਣ ਲਈ ਸਹਿਯੋਗ ਦਿੱਤਾ ਜਾਵੇਗਾ। ਡੈਸਕ ਟੀਮ ਦੇ ਮੈਂਬਰ ਆਮ ਲੋਕਾਂ ਨੂੰ ਅਧਿਕਾਰੀ ਦੇ ਨਾਂ ਅਤੇ ਜਿਸ ਮੰਜ਼ਿਲ ‘ਤੇ ਦਫ਼ਤਰ ਸਥਿਤ ਹੈ, ਬਾਰੇ ਵੀ ਜਾਣੂ ਕਰਵਾਉਣਗੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਅਤੇ ਲੋਕ ਸਬੰਧਤ ਦਫ਼ਤਰ ਦੀ ਭਾਲ ਲਈ ਇਧਰ-ਉਧਰ ਨਾ ਜਾਣ। ਉਨ੍ਹਾਂ ਦੱਸਿਆ ਕਿ ਸਵਾਗਤ ਅਤੇ ਸਹਾਇਤਾ ਕੇਂਦਰ ’ਤੇ ਹੁਣ ਤੱਕ 130 ਤੋਂ ਵੱਧ ਲੋਕਾਂ ਨੇ ਲਾਹਾ ਲਿਆ ਹੈ।