ਨਾਰੰਗਵਾਲ (ਲੁਧਿਆਣਾ), 17 ਮਈ:
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦਾ ਸਮਕਾਲੀ ਭਾਰਤੀ ਇਤਿਹਾਸ ਵਿੱਚ ਕੋਈ ਹੋਰ ਮੇਲ ਨਹੀਂ ਹੈ।
ਨਸ਼ਾ ਮੁਕਤੀ ਯਾਤਰਾ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਸਰਾਪ ਕਾਰਨ ਕਈ ਪਰਿਵਾਰਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸੂਬੇ ਦੀਆਂ ਪੀੜ੍ਹੀਆਂ ਬਰਬਾਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਨਸ਼ਿਆਂ ਵਿਰੁੱਧ ਇਸ ਜੰਗ ਦਾ ਦੇਸ਼ ਭਰ ਵਿੱਚ ਕੋਈ ਸਾਨੀ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਅੱਜ ਮੁੱਖ ਮੰਤਰੀ ਦੀ ਸ਼ਲਾਘਾ ਕਰ ਰਹੇ ਹਨ ਕਿਉਂਕਿ ਸੂਬਾ ਸਰਕਾਰ ਵੱਲੋਂ ਮਿਸਾਲੀ ਕੰਮ ਕੀਤੇ ਜਾ ਰਹੇ ਹਨ।
ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਪੰਜਾਬੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਤਿੰਨ ਕਰੋੜ ਪੰਜਾਬੀ ਨਸ਼ਿਆਂ ਖ਼ਿਲਾਫ਼ ਇੱਕਮੁੱਠ ਹੋ ਜਾਣ ਤਾਂ 24 ਘੰਟਿਆਂ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਠੀ ਭਰ ਨਸ਼ਾ ਤਸਕਰ ਪੰਜਾਬੀਆਂ ਦੀ ਤਾਕਤ ਅੱਗੇ ਟਿਕ ਨਹੀਂ ਸਕਦੇ ਅਤੇ ਉਹ ਜ਼ਮੀਨ ਹੇਠਾਂ ਗ਼ਰਕ ਜਾਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਾ ਸਿਰਫ ਨਸ਼ਾ ਸਪਲਾਈ ਲਾਈਨਾਂ ਨੂੰ ਤੋੜਿਆ ਗਿਆ, ਸਗੋਂ ਸੂਬਾ ਸਰਕਾਰ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਵੱਲ ਵੀ ਧਿਆਨ ਦੇ ਰਹੀ ਹੈ ਅਤੇ ਇਸ ਸਮੱਸਿਆ ਦਾ ਹੱਲ ਆਮ ਆਦਮੀ ਦੇ ਸਰਗਰਮ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਪਾਸੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੀ ਦੋਹਰੀ ਨੀਤੀ ਅਪਣਾ ਰਹੀ ਹੈ ਅਤੇ ਦੂਜੇ ਪਾਸੇ ਇਸ ਖਤਰੇ ਨਾਲ ਨਜਿੱਠਣ ਲਈ ਨੌਜਵਾਨਾਂ ਦੀ ਸਕਾਰਾਤਮਕ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜਲਦੀ ਹੀ ਨਸ਼ਿਆਂ ਦੀ ਜਕੜ ਵਿਚੋਂ ਨਿਕਲ ਕੇ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ ਕਿ ਪੰਜਾਬ ਦੁਨੀਆ ਭਰ ਵਿੱਚ ਚਮਕਦਾ ਰਹੇ ਅਤੇ ਹਰ ਖੇਤਰ ਵਿੱਚ ਵਿਸ਼ਵ ਦੀ ਅਗਵਾਈ ਕਰਦਾ ਰਹੇ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਜੋ ਪਿੰਡ ਨਸ਼ਿਆਂ ਦਾ ਕੇਂਦਰ ਸਨ, ਉਹ ਸੂਬਾ ਸਰਕਾਰ ਦੇ ਠੋਸ ਉਪਰਾਲਿਆਂ ਸਦਕਾ ਹੁਣ ਨਸ਼ਾ ਮੁਕਤ ਹੋ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਨਸ਼ਾ ਤਸਕਰਾਂ ਨੂੰ ਸੂਬੇ ਵਿੱਚ ਪੁਸ਼ਤ-ਪਨਾਹੀ ਮਿਲਦੀ ਸੀ, ਜਦੋਂ ਕਿ ਹੁਣ 10,000 ਨਸ਼ਾ ਤਸਕਰ ਫੜੇ ਗਏ ਹਨ, ਜਿਨ੍ਹਾਂ ਵਿੱਚੋਂ 8500 ਵੱਡੀਆਂ ਮੱਛੀਆਂ ਹਨ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਨੂੰ ਜ਼ਮੀਨੀ ਪੱਧਰ ’ਤੇ ਲਿਜਾਇਆ ਜਾਵੇਗਾ ਅਤੇ ਸੂਬੇ ਦੇ ਲਗਪਗ 13000 ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਪਾਸੇ ਲਾਉਣ ਲਈ ਸੂਬਾ ਸਰਕਾਰ ਹਰ ਪਿੰਡ ਵਿੱਚ ਇੱਕ ਸਟੇਡੀਅਮ ਦਾ ਨਿਰਮਾਣ ਕਰੇਗੀ ਅਤੇ ਸੂਬੇ ਵਿੱਚ ਖੇਡਾਂ ਨੂੰ ਵੱਡੇ ਪੱਧਰ ‘ਤੇ ਪ੍ਰਫੁੱਲਤ ਕਰਨ ਲਈ ਸੂਬੇ ਦੇ 3000 ਵੱਡੇ ਪਿੰਡਾਂ ਵਿੱਚ 3000 ਜਿੰਮ ਬਣਾਏ ਜਾਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸੂਬੇ ਵਿੱਚ ਨੌਜਵਾਨਾਂ ਨੂੰ 54000 ਦੇ ਕਰੀਬ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਹਰ ਪਿੰਡ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਯਕੀਨੀ ਬਣਾਉਣ ਲਈ ਵਿਉਂਤਬੰਦੀ ਕੀਤੀ ਗਈ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਦੇ ਦੈਂਤ ਨੂੰ ਨੱਥ ਪਾਈ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ, ਜਦੋਂ ਜਲਦੀ ਹੀ ਇਸ ਦਾ ਖਾਤਮਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਸੂਬੇ ਦੇ ਹਰ ਪਿੰਡ ਅਤੇ ਕਸਬੇ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਸ਼ਾਮਲ ਕਰੇਗੀ ਤਾਂ ਜੋ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾ ਸਕੇ। ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਨਾ ਸਿਰਫ਼ ਨਸ਼ਾ ਮੁਕਤ ਹੋਵੇਗਾ, ਸਗੋਂ ਦੇਸ਼ ਦਾ ਮੋਹਰੀ ਸੂਬਾ ਹੋਵੇਗਾ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਦੇ ਸਨ ਅਤੇ ਇੱਥੋਂ ਤੱਕ ਕਿ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਨਸ਼ੇ ਵੇਚਦੇ/ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਵੱਲੋਂ ਕੁਇੰਟਲ ਤੱਕ ਦੇ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਜਾ ਰਹੇ ਹਨ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਇਹ ਦੂਜਿਆਂ ਨੂੰ ਤਸਕਰੀ ਵਿੱਚ ਆਉਣੋਂ ਰੋਕੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਨਸ਼ੇ ਦੇ ਸੌਦਾਗਰਾਂ ਨੂੰ ਢਾਲ ਬਣਾਇਆ ਜਾਂਦਾ ਸੀ, ਉਸ ਦੇ ਉਲਟ ਹੁਣ ਇਨ੍ਹਾਂ ਖ਼ੌਫ਼ਨਾਕ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ।