ਬਰਨਾਲਾ, 24 ਮਾਰਚ
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ‘ਚ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ – ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਰਨਾਲਾ ਪੁਲਿਸ ਵੱਲੋਂ ਭਰਵੀਂ ਲੋਕ ਸੰਪਰਕ ਮੀਟਿੰਗ ਕਰਵਾਈ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ ਆਈ ਜੀ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਦਾ ਹਰ ਇਕ ਵਰਗ ਪੰਜਾਬ ਸਰਕਾਰ ਦੀ ਇਸ ਲੜਾਈ ਵਿਚ ਆਪਣਾ ਅਹਿਮ ਯੋਗਦਾਨ ਪਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਭੈੜੀ ਆਦਤ ਤੋਂ ਦੂਰ ਰੱਖਿਆ ਜਾ ਸਕੇ । ਉਨ੍ਹਾਂ ਰੰਗ ਮੰਚ ਤੋਂ ਆਏ ਕਲਾਕਾਰ ਸ਼੍ਰੀਮਤੀ ਰੁਪਿੰਦਰ ਰੂਪੀ ਅਤੇ ਸ਼੍ਰੀ ਸਰਦਾਰ ਸੋਹੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਕਰ ਇਸ ਤਰ੍ਹਾਂ ਕਲਾਕਾਰ ਲੋਕ ਲਹਿਰ ਦਾ ਹਿੱਸਾ ਬਣਨ ਤਾਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਹਰ ਇਕ ਵਰਗ ਆਪਣੇ ਤੌਰ ‘ਤੇ ਨਸ਼ਿਆਂ ਖਿਲਾਫ ਜੰਗ ‘ਚ ਅਹਿਮ ਯੋਗਦਾਨ ਪਾਵੇ। ਅਧਿਆਪਕ ਵਰਗ ਆਪਣੇ ਵਿਦਿਆਰਥੀਆਂ ਨੂੰ ਇਸ ਸਬੰਧੀ ਸੁਚੇਤ ਕਰਨ, ਸਿਹਤ ਕਰਮਚਾਰੀ ਨਸ਼ਿਆਂ ਤੋਂ ਪੀੜਤ ਲੋਕਾਂ ਦਾ ਇਲਾਜ ਕਰਨ ਅਤੇ ਪੁਲਿਸ ਵਿਭਾਗ ਮੁਸਤੈਦੀ ਨਾਲ ਨਸ਼ਾ ਤਸਕਰਾਂ ਖਿਲਾਫ ਕੰਮ ਕਰੇ ਜਿਸ ਨਾਲ ਜਿੱਤ ਦੂਰ ਨਹੀਂ।
ਇਸ ਮੌਕੇ ਉਨ੍ਹਾਂ ਨਾਲ ਐਸ ਐਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਅਨੁਪ੍ਰਿਤਾ ਜੋਹਲ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਗੁਰਬੀਰ ਸਿੰਘ ਕੋਹਲੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟ੍ਰਸ੍ਟ ਸ਼੍ਰੀ ਰਾਮ ਤੀਰਥ ਮੰਨਾ, ਸ਼੍ਰੀ ਹਰਿੰਦਰ ਧਾਲੀਵਾਲ, ਮਾਰਕੀਟ ਕਮੇਟੀ ਬਰਨਾਲਾ ਦਾ ਚੇਅਰਮੈਨ ਸ਼੍ਰੀ ਪਰਮਿੰਦਰ ਸਿੰਘ ਭੰਗੂ, ਵੱਖ ਪਿੰਡਾਂ ਦੇ ਸਰਪੰਚ ਅਤੇ ਪੰਚ ਜਿਨ੍ਹਾਂ ਵੱਲੋਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਾਰਨ ਲਈ ਅਹਿਦ ਲਿਆ ਗਿਆ ਹੈ, ਮੈਡੀਕਲ ਸਟੋਰਾਂ ਦੇ ਮਾਲਕ ਅਤੇ ਹੋਰ ਮੋਹਤਵਰ ਲੋਕ ਹਾਜ਼ਰ ਸਨ।
ਇਸ ਮੌਕੇ ਨਾਟਕ ਮਿੱਟੀ ਰੁਦਨ ਕਰੇ ਅਤੇ ਇਕ ਹੋਰ ਨਸ਼ਿਆਂ ਸਬੰਧੀ ਨਾਟਕ ਦਾ ਮੰਚਨ ਕੀਤਾ ਗਿਆ। ਨਾਟਕ ‘ਚ ਲੋਕਾਂ ਨੂੰ ਨਸ਼ਿਆਂ ਦੋ ਦੂਰ ਰਹਿਣ ਅਤੇ ਨਸ਼ਿਆਂ ਕਰਨ ਹੋਣ ਵਾਲੇ ਸਰਵਨਾਸ਼ ਬਾਰੇ ਦੱਸਿਆ ਗਿਆ।