ਨਸ਼ਿਆਂ ਖਿਲਾਫ਼ ਜੰਗ -ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਖੰਨਾ ਵੱਲੋਂ ਫੁਟਬਾਲ ਟੂਰਨਾਮੈਂਟ ਦਾ ਉਦਘਾਟਨ

Ludhiana

ਲੁਧਿਆਣਾ, 19 ਜੁਲਾਈ (000) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੰਨਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਆਪਣੀ ਜੰਗ ਤਹਿਤ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।

ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਅਮਨੀਤ ਕੋਂਡਲ ਨੇ ਕੀਤਾ।

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਦੱਸਿਆ ਕਿ ਇਸ ਨਿਵੇਕਲੀ ਪਹਿਲਕਦਮੀ ਦਾ ਉਦੇਸ਼ ਲੁਧਿਆਣਾ ਨੂੰ ਨਸ਼ਾ ਮੁਕਤ, ਸਿਹਤਮੰਦ ਅਤੇ ਖੁਸ਼ਹਾਲ ਜ਼ਿਲ੍ਹਾ ਬਣਾਉਣਾ ਹੈ ਅਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਸ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ ਪਰ ਅਜਿਹੇ ਉਪਰਾਲੇ ਤਾਂ ਹੀ ਸਾਰਥਕ ਹੋ ਸਕਦੇ ਹਨ ਜੇਕਰ ਲੋਕ ਇਸ ਲਾਹਣਤ ਨੂੰ ਖ਼ਤਮ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜੀ ਆਪਣੇ ਆਪ ਨੂੰ ਖੇਡਾਂ ਨਾਲ ਜੋੜਦੀ ਹੈ ਤਾਂ ਉਹ ਨਾ ਸਿਰਫ਼ ਖਿਡਾਰੀ ਬਣ ਸਕਣਗੇ ਸਗੋਂ ਚੰਗੀਆਂ ਨੌਕਰੀਆਂ ਦੇ ਮੌਕੇ ਵੀ ਪ੍ਰਾਪਤ ਕਰਨਗੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਤੰਦਰੁਸਤ ਰਹਿਣਗੇ।

ਟੂਰਨਾਮੈਂਟ ਵਿੱਚ 10 ਪੁਰਸ਼ ਟੀਮਾਂ ਅਤੇ ਦੋ ਮਹਿਲਾ ਟੀਮਾਂ ਹਨ। ਪਹਿਲਾ ਇਨਾਮ 11000 ਰੁਪਏ ਟਰਾਫੀ, ਦੂਜਾ ਇਨਾਮ 5100 ਰੁਪਏ ਅਤੇ ਟਰਾਫੀ ਅਤੇ ਤੀਜਾ ਇਨਾਮ 3100 ਰੁਪਏ ਅਤੇ ਟਰਾਫੀ ਦਿੱਤੀ ਜਾਵੇਗੀ। ਚੌਥਾ ਇਨਾਮ ਸਿਰਫ ਟਰਾਫੀ ਹੋਵੇਗਾ। ਭਾਗੀਦਾਰੀ ਦਾ ਪ੍ਰਮਾਣ ਪੱਤਰ ਅਤੇ ਟੀਮ ਜਰਸੀ ਸਾਰੇ ਭਾਗੀਦਾਰਾਂ ਨੂੰ ਖੰਨਾ ਪੁਲਿਸ ਵੱਲੋਂ ਦਿੱਤੀ ਜਾਵੇਗੀ।

ਇਸ ਮੌਕੇ ਐਸ.ਡੀ.ਐਮ. ਰਜਨੀਸ਼ ਅਰੋੜਾ, ਐਸ.ਪੀ. ਐਚ. ਖੰਨਾ ਤਰੁਣ ਰਤਨ, ਡੀ.ਐਸ.ਪੀ. ਤਰਲੋਚਨ ਸਿੰਘ, ਸੁਖਅਮ੍ਰਿਤ ਰੰਧਾਵਾ, ਪਲਵਿੰਦਰ ਸਿੰਘ, ਰਵਿੰਦਰ ਰੰਧਾਵਾ, ਕਰਮਵੀਰ ਤੂਰ, ਐਸ.ਐਮ.ਓ ਡਾ. ਤਰਕਜੋਤ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।