ਵੋਟਰ ਜਾਗਰੂਕਤਾ ਗੀਤ ਰਿਲੀਜ਼

Amritsar

ਅੰਮ੍ਰਿਤਸਰ 26 ਮਈ 2024—

ਸਰਕਾਰੀ ਸਕੂਲ ਲੈਕਚਰਾਰ ਸ਼੍ਰੀ ਰਾਜਕੁਮਾਰ ਦਾ ਵੋਟਰ ਜਾਗਰੂਕਤਾ ਪੈਦਾ ਕਰਨ ਵਾਲਾ ਗੀਤ ‘ਪਹਿਲੀ ਜੂਨ ਨੂੰ ਵੋਟਾਂ,ਵੋਟਾਂ ਪਾਉਣ ਨੂੰ ਜਾਣਾ ਹੈ’ ਰਿਲੀਜ਼ ਕੀਤਾ ਗਿਆ।ਜ਼ਿਲ੍ਹੇ ਦੀ ਵੋਟਰ ਜਾਗਰੂਕਤਾ ਕਮੇਟੀ ਦੇ ਮੁੱਖੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਿਕਾਸ ਕੁਮਾਰ ਨੇ ਇਹ ਰਿਲੀਜ਼ ਕਰਨ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਕਾਮਯਾਬੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉੱਥੋਂ ਦੇ ਵਸਨੀਕ ਲੋਕਤਾਂਤਰਿਕ ਰਿਵਾਇਤਾਂ ਵਿੱਚ ਆਪਣਾ ਕਿੰਨਾ ਵਿਸ਼ਵਾਸ ਰੱਖਦੇ ਹਨ।ਉਹਨਾਂ ਕਿਹਾ ਕਿ ਭਾਰਤੀ ਲੋਕਤੰਤਰ ਪੂਰੀ ਦੁਨੀਆਂ ਲਈ ਇੱਕ ਉਦਾਹਰਣ ਹੈ ਕਿ ਇੰਨੀ ਵੱਡੀ ਜੰਨਸੰਖਿਆ ਹੋਣ ਦੇ ਬਾਵਜੂਦ ਵੀ ਲੋਕਤੰਤਰ ਨੂੰ ਕਿਦਾਂ ਕਾਇਮ ਰੱਖਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਸ਼੍ਰੀ ਰਾਜਕੁਮਾਰ ਪਿਛਲੀਆਂ ਕਈ ਚੋਣਾਂ ਤੋਂ ਆਮ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਦੇ ਆ ਰਹੇ ਹਨ।ਉਹਨਾਂ ਕਿਹਾ ਕਿ ਇਸ ਅਧਿਆਪਕ ਵਲੋਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਇੱਕ ਵੋਟਰ ਜਾਗਰੂਕਤਾ ਗੀਤ ਲਿੱਖਿਆ ਅਤੇ ਗਾਇਆ ਗਿਆ ਸੀ।ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਆਈ.ਏ.ਐਸ. ਅਧਿਕਾਰੀ ਅਤੇ ਸਹਾਇਕ ਕਮਿਸ਼ਨਰ ਸ਼੍ਰੀਮਤੀ ਸੋਨਮ ਨੇ ਕਿਹਾ ਕਿ ਚੋਣਾਂ ਦੇ ਤਿਉਹਾਰ ਵਿੱਚ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਲੋਕਤੰਤਰ ਦੇ ਇਸ ਪਰਵ ਨੂੰ ਮਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਜਿਕਰਯੋਗ ਹੈ ਕਿ ਇਸ ਵੇਲੇ ਸ਼੍ਰੀ ਰਾਜਕੁਮਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਲ ਕਲਾਂ ਵਿੱਚ ਇਤਿਹਾਸ ਵਿਸ਼ੇ ਦੇ ਲੈਕਚਰਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਉਹ 1994 ਤੋਂ ਸਿੱਖਿਆ ਵਿਭਾਗ ਨਾਲ ਜੁੜੇ ਹੋਏ ਹਨ।