ਮੋਗਾ, 20 ਮਈ:
ਦਿਵਿਆਂਗ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਲਈ ਜ਼ਿਲ੍ਹਾ ਸਵੀਪ ਟੀਮ ਬਾਈਪਾਸ ਮੋਗਾ ਸਥਿਤ ਕੁਸ਼ਟ ਆਸ਼ਰਮ ਪਹੁੰਚੀ। ਇਥੇ ਤਕਰੀਬਨ 131 ਦੇ ਕਰੀਬ ਕੁਸ਼ਟ ਰੋਗੀ ਆਪਣੇ ਪਰਿਵਾਰ ਸਹਿਤ ਰਹਿੰਦੇ ਹਨ ਅਤੇ ਤਕਰੀਬਨ ਸਾਰੇ ਹੀ ਵੋਟਰ ਨੇ। ਉਹ 1 ਜੂਨ 2024 ਨੂੰ ਆਪਣੇ ਵੋਟ ਜਰੂਰ ਪਾਉਣ ਇਸ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਦੱਸਿਆ ਗਿਆ ਕਿ ਵੋਟਾਂ ਵਾਲੇ ਦਿਨ ਦਿਵਿਆਂਗਜਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਜਿਵੇਂ ਕਿ ਓਹਨਾਂ ਨੂੰ ਘਰ ਤੋਂ ਲੈ ਕੇ ਜਾਣ ਅਤੇ ਛੱਡਣ ਦਾ ਪ੍ਰਬੰਧ ਹੋਵੇਗਾ, ਬੂਥ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ ਤਾਂ ਕਿ ਉਹ ਆਰਾਮ ਨਾਲ ਬੂਥ ਦੇ ਅੰਦਰ ਤੱਕ ਪਹੁੰਚ ਸਕਣ। ਬੂਥ ਉੱਪਰ ਬੀ.ਐਲ.ਓ. ਦੇ ਨਾਲ ਵਲੰਟੀਅਰ ਵੀ ਹੋਣਗੇ ਜੋ ਕਿ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਦੀ ਸਹਾਇਤਾ ਕਰਨਗੇ। ਬੂਥ ਉੱਪਰ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਹੋਵੇਗਾ ਤਾਂ ਕਿ ਆਰਾਮ ਨਾਲ ਬੈਠਿਆ ਜਾ ਸਕੇ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾ ਸਕੇ। ਛਾਂ ਦਾ ਪੂਰਾ ਪ੍ਰਬੰਧ ਕਰਨ ਲਈ ਸ਼ਾਮਿਆਨੇ ਲਗਾਏ ਜਾਣਗੇ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਨਾਲ ਨਾਲ ਸ਼ਰਬਤ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤੇ ਗਰਮੀ ਤੋਂ ਬਚਾਉਣ ਲਈ ਹੋਰ ਵੀ ਅਹਿਮ ਪ੍ਰਬੰਧ ਕੀਤੇ ਜਾਣਗੇ ।
ਜ਼ਿਲ੍ਹਾ ਸਵੀਪ ਆਈਕਨ ਅਨਮੋਲ ਸ਼ਰਮਾ ਨੇ ਉਨ੍ਹਾਂ ਸਭ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮਾਜ ਦੇ ਹਰ ਵਰਗ ਦੀਆਂ ਲੋੜਾਂ ਨੂੰ ਪੂਰੀ ਕਰਨ ਵਾਲੀ ਸਰਕਾਰ ਚੁਣਨ ਲਈ ਵੋਟ ਪਾਉਣਾ ਬਹੁਤ ਜਰੂਰੀ ਹੈ। ਇਸ ਲਈ ਉਹ ਵੀ ਆਪਣਾ ਵੋਟ ਪਾਉਣ ਜਰੂਰ ਜਾਓ ਅਤੇ ਸਮਾਜ ਦੇ ਅਨਿੱਖੜਵੇਂ ਅੰਗ ਦੇ ਤੌਰ ਤੇ ਆਪਣਾ ਯੋਗਦਾਨ ਜਰੂਰ ਪਾਉ।
ਸਾਬਕਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਵੋਟਾਂ ਸੰਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਐਪਸ ਅਤੇ ਈ.ਵੀ.ਐਮ. ਅਤੇ ਵੀ.ਵੀ. ਪੈਟ ਮਸ਼ੀਨ ਬਾਰੇ ਵੀ ਜਾਣਕਾਰੀ ਮੁੱਹਈਆ ਕਾਰਵਾਈ ।