ਮਜੀਠਾ ਵਿਧਾਨਸਭਾ ਹਲਕੇ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਜ਼ੋਰਾਂ ਤੇ

Amritsar

ਅੰਮ੍ਰਿਤਸਰ 12 ਮਈ 2024—

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮਜੀਠਾ ਸ੍ਰੀਮਤੀ ਹਰਨੂਰ ਕੌਰ ਢਿਲੋਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਵੋਟਰ ਜਾਗਰੂਕਤਾ ਮੁਕਾਬਲੇ ਕਰਵਾਏ ਗਏ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਜੀਠਾ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਪਿ੍ੰਸੀਪਲ ਸ਼੍ਰੀਮਤੀ ਰੇਖਾ ਮਹਾਜਨ ਨੇ ਕਿਹਾ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲੀ ਕਲਾਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਥੂਨੰਗਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਦਾ ਸਿੰਘ, ਸਰਕਾਰੀ ਹਾਈ ਸਕੂਲ ਅਬਦਾਲ ਅਤੇ ਸਰਕਾਰੀ ਹਾਈ ਸਕੂਲ ਟਰਪਈ ਵਿਖੇ ਪੋਸਟਰ ਮੇਕਿੰਗ, ਸਲੋਗਨ ਅਤੇ ਲੇਖ ਮੁਕਾਬਲੇ ਕਰਵਾਏ ਗਏ।ਉਹਨਾ ਕਿਹਾ ਕਿ ਇਹਨਾਂ ਮੁਕਾਬਲਿਆਂ ਦਾ ਮੁੱਖ ਮਕਸਦ ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਚੋਣ ਸਾਖ਼ਰਤਾ ਕਲੱਬਾਂ ਰਾਹੀਂ ਸਮਾਜ ਵਿੱਚ ਵੋਟ ਦੇ ਅਧਿਕਾਰ ਦਾ ਸੁਨੇਹਾ ਫ਼ੈਲਾਣਾ ਹੈ।ਉਹਨਾਂ ਕਿਹਾ ਕਿ ਲੋਕਤਾਂਤਰਿਕ ਪ੍ਰਕਿਰਿਆ ਵਿੱਚ ਚੋਣਾਂ ਦੀ ਆਪਣੀ ਅਹਿਮੀਅਤ ਹੈ ਅਤੇ ਇਹ ਸਾਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।ਉਹਨਾਂ ਸਮਾਜ ਦੇ ਹਰ ਵਰਗ ਨੂੰ ਵੋਟ ਦੀ ਤਾਕਤ ਸਮਝਦੇ ਹੋਏ ਇਸਦਾ ਉੱਚਿਤ ਉਪਯੋਗ ਕਰਨ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਮਹਿਲਾਵਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।