ਸ੍ਰੀ ਮੁਕਤਸਰ ਸਾਹਿਰ 22 ਅਪ੍ਰੈਲ
ਡਿਪਟੀ ਕਮਿਸ਼ਨਰ ਸ: ਹਰਪ੍ਰੀਤ ਸਿੰਘ ਸੂਦਨ ਆਈ ਏ ਐਸ ਅਤੇ ਐਸ ਐਸ ਪੀ ਸ੍ਰੀ ਭਾਗੀਰਥ ਮੀਨਾ ਆਈ ਪੀ ਐਸ ਵੱਲੋਂ ਅੱਜ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕਰਕੇ ਇੱਥੇ ਕਣਕ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰੀਦ ਏਂਜਸੀਆਂ ਨੂੰ ਸਖਤੀ ਨਾਲ ਤਾੜਨਾ ਕੀਤੀ ਕਿ ਖਰੀਦੀ ਗਈ ਕਣਕ ਦੀ ਨਾਲੋ ਨਾਲ ਲਿਫਟਿੰਗ ਕੀਤੀ ਜਾਵੇ ਤਾਂ ਜੋ ਮੰਡੀ ਵਿਚ ਹੋਰ ਕਣਕ ਆਊਣ ਲਈ ਥਾਂ ਦੀ ਉਪਲਬੱਧਤਾ ਬਣੀ ਰਹੇ।
ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸ੍ਰੀ ਮੁਕਤਸਰ ਸਾਹਿਬ ਅਤੇ ਬਰੀਵਾਲਾ ਮੰਡੀ ਦੇ ਦੌਰੇ ਦੌਰਾਨ ਗੱਲਬਾਤ ਕਰਦਿਆਂ ਆਖਿਆ ਕਿ ਹੁਣ ਟਰਾਂਸਪੋਰਟਰਾਂ ਤੇ ਲੇਬਰ ਦੀ ਹੜਤਾਲ ਦੀ ਸਮੱਸਿਆ ਹੱਲ ਹੋ ਗਈ ਹੈ ਅਤੇ ਹੁਣ ਲਿਫਟਿੰਗ ਪੂਰੀ ਤੇਜੀ ਨਾਲ ਹੋਵੇਗੀ। ਉਨ੍ਹਾਂ ਨੇ ਇੱਥੇ ਕਿਸਾਨਾਂ, ਆੜਤੀਆਂ ਅਤੇ ਲੇਬਰ ਦੀਆਂ ਮੁਸਕਿਲਾਂ ਸੁਣੀਆਂ। ਉਨ੍ਹਾਂ ਨੇ ਮੌਸਮ ਦੇ ਮੱਦੇਨਜਰ ਮਾਰਕਿਟ ਕਮੇਟੀਆਂ ਅਤੇ ਆੜਤੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿਚ ਤਰਪਾਲਾਂ ਜਰੂਰਤ ਅਨੁਸਾਰ ਉਪਲਬੱਧ ਹੋਣ ਤਾਂ ਜੋ ਕਿਸੇ ਬਾਰਿਸ਼ ਦੀ ਸੰਭਾਵਨਾ ਹੋਣ ਤੇ ਫਸਲ ਨੂੰ ਢੱਕਿਆ ਜਾ ਸਕੇ। ਇਸੇ ਤਰਾਂ ਉਨ੍ਹਾਂ ਨੇ ਮੰਡੀਆਂ ਵਿਚ ਛਾਂ, ਪੀਣ ਦੇ ਪਾਣੀ ਅਤੇ ਸਫਾਈ ਦੀ ਵਿਵਸਥਾ ਵੀ ਸੁਚਾਰੂ ਰੱਖਣ ਦੇ ਹੁਕਮ ਦਿੱਤੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਖਰੀਦ ਏਂਜਸੀਆਂ ਨੂੰ ਹਦਾਇਤ ਕੀਤੀ ਕਿ ਲਿਫਟਿੰਗ ਦੇ ਕੰਮ ਵਿਚ ਕੋਈ ਵੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਦੇ ਪੱਧਰ ਤੇ ਵੀ ਕੋਈ ਅਣਗਹਿਲੀ ਹੋਈ ਤਾਂ ਉਸਦਾ ਸੇਕ ਉਸਨੂੰ ਝੱਲਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਕਿਸੇ ਵੀ ਕਿਸਾਨ, ਆੜਤੀਏ ਜਾਂ ਮਜਦੂਰ ਨੂੰ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 141129 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ ਅਤੇ ਇਸ ਵਿਚੋਂ 110910 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ। ਪਨਗ੍ਰੇਨ ਨੇ 26983 ਮੀਟਰਕ ਟਨ, ਮਾਰਕਫੈਡ ਨੇ 34572 ਮੀਟਰਕ ਟਨ, ਪਨਸਪ ਨੇ 18754 ਮੀਟਰਕ ਟਨ, ਵੇਅਰਹਾਉਸ ਨੇ 30215 ਮੀਟਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 386 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ।
ਇਸ ਮੌਕੇ ਵੱਖ ਵੱਖ ਏਂਜਸੀਆਂ ਦੇ ਅਧਿਕਾਰੀ, ਮੰਡੀ ਬੋਰਡ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਵੱਲੋਂ ਕਣਕ ਮੰਡੀਆਂ ਦਾ ਦੌਰਾ


