ਫਾਜ਼ਿਲਕਾ 22 ਅਪ੍ਰੈਲ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਵੱਲੋਂ ਫਾਜ਼ਿਲਕਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਅਤੇ ਟਰਾਂਸਪੋਰਟਰਾਂ ਨੂੰ ਸਖਤ ਤਾੜਨਾ ਕੀਤੀ ਕਿ ਮੰਡੀਆਂ ਵਿੱਚੋਂ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ । ਉਨਾਂ ਨੇ ਕਿਹਾ ਕਿ ਲਿਫਟਿੰਗ ਦੇ ਕੰਮ ਵਿੱਚ ਢਿੱਲ ਵਰਤਣ ਤੇ ਵਿਭਾਗੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ ਮਜ਼ਦੂਰਾਂ ਦੀ ਹੜਤਾਲ ਕਾਰਨ ਲਿਫਟਿੰਗ ਵਿੱਚ ਕਮੀ ਆਈ ਸੀ ਪਰ ਅੱਜ ਦੁਬਾਰਾ ਤੋਂ ਪੂਰੀ ਰਫਤਾਰ ਨਾਲ ਲਿਫਟਿੰਗ ਸ਼ੁਰੂ ਕਰਵਾ ਦਿੱਤੀ ਗਈ ਹੈ। ਉਹਨਾਂ ਨੇ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਜਿਆਦਾ ਤੋਂ ਜਿਆਦਾ ਟਰੱਕ ਲਿਫਟਿੰਗ ਲਈ ਮੁਹਈਆ ਕਰਵਾਏ ਜਾਣ ਅਤੇ ਮੰਡੀ ਜਾਂ ਗੁਦਾਮ ਵਿੱਚ ਕਣਕ ਦੀ ਲੋਡਿੰਗ ਜਾਂ ਅਨਲੋਡਿੰਗ ਲਈ ਲੇਬਰ ਦੀ ਕੋਈ ਘਾਟ ਨਾ ਆਵੇ।
ਉਹਨਾਂ ਸਖਤ ਹਦਾਇਤ ਕੀਤੀ ਕਿ ਮੰਡੀ ਵਿੱਚ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਇਸ ਦੇ ਨਾਲ ਹੀ ਆੜਤੀਆਂ ਅਤੇ ਮਜ਼ਦੂਰਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਉਨਾਂ ਨੇ ਮਾਰਕੀਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸੇ ਵੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਜਰੂਰਤ ਅਨੁਸਾਰ ਤਰਪਾਲਾਂ ਦਾ ਪ੍ਰਬੰਧ ਹੋਵੇ ।
ਇਸ ਮੌਕੇ ਉਨਾਂ ਦੇ ਨਾਲ ਏਡੀਸੀ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ, ਐਸਪੀ ਸ੍ਰੀ ਰਮਨੀਸ਼ ਚੌਧਰੀ,ਜ਼ਿਲਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ, ਜ਼ਿਲ੍ਹਾ ਮੰਡੀ ਅਫਸਰ ਜਸਮੀਤ ਸਿੰਘ ਅਤੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। ਇੱਥੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹਨਾਂ ਨੇ ਪੱਲੇਦਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਤੋਂ ਬਾਅਦ ਉਹਨਾਂ ਨੇ ਗੋਦਾਮ ਵਿੱਚ ਜਾ ਕੇ ਕਣਕ ਦੇ ਭੰਡਾਰ ਕੀਤੇ ਜਾਣ ਦੇ ਕੰਮ ਦਾ ਵੀ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਮੰਡੀਆਂ ਦਾ ਦੌਰਾ


