ਫਾਜ਼ਿਲਕਾ 9 ਨਵੰਬਰ
ਡੀਜੀਪੀ ਵਿਜੀਲੈਂਸ ਵਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤੇ ਅਤੇ ਐਸ ਐਸ ਪੀ ਵਿਜੀਲੈਂਸ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਵਿਜੀਲੈਂਸ ਦੀ ਟੀਮ ਵਲੋਂ ਡੀਐਸਪੀ ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਵਿਚ ਚੱਕ ਅਰਨੀਵਾਲਾ ਉਰਫ ਕਟੀਆਂ ਵਾਲੀ ਵਿਖੇ ਹੋਏ ਪੰਚਾਇਤ ਵਲੋਂ ਕਰਵਾਏ ਵਿਕਾਸ ਕਾਰਜਾਂ ਸਬੰਧੀ ਬਲਵਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਤੇ ਟੈਕਨੀਕਲ ਟੀਮ ਦੇ ਸਹਿਯੋਗ ਨਾਲ ਜਾਂਚ ਕੀਤੀ ਗਈ | ਇਸ ਜਾਂਚ ਟੀਮ ਦੀ ਅਗਵਾਈ ਇੰਸਪੈਕਟਰ ਚੰਦਰ ਸ਼ੇਖਰ ਨੇ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਚੱਕ ਅਰਨੀਵਾਲਾ ਦੇ ਵਾਸੀ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਵਿੱਚ ਜੋ ਵਿਕਾਸ ਕਾਰਜ ਹੋਏ ਹਨ ਉਹ ਸਹੀ ਨਹੀਂ ਹੋਏ, ਵਿਜੀਲੈਂਸ ਦੀ ਟੀਮ ਵੱਲੋਂ ਪਿੰਡ ਵਿੱਚ ਆਂਗਣਵਾੜੀ ਸੈਂਟਰ ਦੀ ਬਿਲਡਿੰਗ, ਪਬਲਿਕ ਸੈਡ ਦੀ ਉਸਾਰੀ, ਐਸ. ਸੀ. ਧਰਮਸ਼ਾਲਾ ਦੀ ਉਸਾਰੀ, ਸਕੂਲ ਦਾ ਕਮਰਾ ਅਤੇ ਬਰਾਂਡਾ, ਜਿਮ ਰੂਮ ਦੀ ਉਸਾਰੀ, ਨਹਿਰ ਦਾ ਪੁੱਲ, ਕਮਿਊਨਿਟੀ ਹਾਲ ਅਤੇ ਆਂਗਣਵਾੜੀ ਸੈਂਟਰ ਦੀ ਚਾਰ ਦੁਆਰੀ, ਸਮਸ਼ਾਨ ਘਾਟ ਦਾ ਸ਼ੈਡ, ਸ਼ਮਸ਼ਾਨ ਘਾਟ ਦੀ ਚਾਰ ਦਵਾਰੀ, ਵਾਟਰ ਸਪਲਾਈ ਅਤੇ ਬੋਰ, ਅੰਡਰਗਰਾਊਂਡ ਪਾਈਪ ਲਾਈਨਜ਼ ਤੇ ਗਲੀਆਂ ਦੀ ਜਾਂਚ ਕੀਤੀ ਗਈ।
ਉਹਨਾਂ ਕਿਹਾ ਕਿ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ਉਹਨਾਂ ਕਿਹਾ ਕਿ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦਿੱਤਾ ਜਾਵੇਗਾ ਤੇ ਜੇਕਰ ਕੋਈ ਕਿਸੇ ਵੀ ਤਰ੍ਹਾਂ ਦਾ ਭਰਿਸ਼ਟਾਚਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|
ਵਿਜੀਲੈਂਸ ਦੀ ਟੀਮ ਵੱਲੋਂ ਚੱਕ ਅਰਨੀਵਾਲਾ ਉਰਫ ਕਟੀਆਂ ਵਾਲੀ ਵਿੱਚ ਕੀਤੀ ਗਈ ਵਿਕਾਸ ਕਾਰਜਾਂ ਦੀ ਜਾਂਚ


