ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਵਿੱਚ ਪੰਜ ਠੇਕੇਦਾਰਾਂ ਖ਼ਿਲਾਫ਼ ਮਾਮਲਾ ਦਰਜ

Punjab

ਚੰਡੀਗੜ੍ਹ, 9 ਫਰਵਰੀ:

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਲਈ ਟੈਂਡਰਾਂ ਦੀ ਅਲਾਟਮੈਂਟ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਵਿੱਚ ਪੰਜ ਠੇਕੇਦਾਰਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਠੇਕੇਦਾਰ ਪ੍ਰੇਮ ਚੰਦ, ਠੇਕੇਦਾਰ ਵਿਸ਼ੂ ਮਿੱਤਲ, ਠੇਕੇਦਾਰ ਯੋਗੇਸ਼ ਗੁਪਤਾ, ਠੇਕੇਦਾਰ ਰਾਜੀਵ ਕੁਮਾਰ ਅਤੇ ਭਾਗ ਰੋਡ ਲਾਈਨਸ ਟਰਾਂਸਪੋਰਟ ਦੇ ਮਾਲਕ ਰਮਨਦੀਪ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 465, 468, 471, 120-ਬੀ ਤਹਿਤ ਥਾਣਾ ਆਰਥਿਕ ਅਪਰਾਧ ਵਿੰਗ ਲੁਧਿਆਣਾ ਰੇਂਜ ਵਿਖੇ ਦਰਜ ਕੀਤਾ ਗਿਆ ਹੈ। 

ਇਸ ਸਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਸਾਲ 2019-20 ਦੌਰਾਨ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਅਨਾਜ ਦੀ ਢੋਆ-ਢੁਆਈ ਲਈ ਜਾਅਲਸਾਜ਼ੀ ਨਾਲ ਟੈਂਡਰ ਹਾਸਲ ਕੀਤੇ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਟੈਂਡਰ ਲੈਣ ਲਈ ਅਜਿਹੇ ਵਾਹਨਾਂ ਦੀਆਂ ਜਾਅਲੀ ਸੂਚੀਆਂ ਪੇਸ਼ ਕੀਤੀਆਂ ਜੋ ਅਨਾਜ ਦੀ ਢੋਆ-ਢੁਆਈ ਨਹੀਂ ਕਰ ਸਕਦੇ ਸਨ ਜਿਵੇਂ ਕਿ ਪਿਕਅੱਪ ਵੈਨ, ਮੋਟਰਸਾਈਕਲ, ਸਕੂਟਰ ਆਦਿ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਜਾਅਲੀ ਗੇਟ ਪਾਸਾਂ ਦੇ ਆਧਾਰ ’ਤੇ ਸਰਕਾਰੀ ਪੈਸੇ ਦਾ ਗਬਨ ਵੀ ਕੀਤਾ ਗਿਆ। ਵਿਭਾਗ ਨੇ ਜਾਅਲੀ ਗੇਟ ਪਾਸਾਂ ਦੇ ਆਧਾਰ ‘ਤੇ ਬਿੱਲ ਪਾਸ ਕਰਕੇ ਠੇਕੇਦਾਰਾਂ ਨੂੰ ਪੈਸੇ ਜਾਰੀ ਕਰ ਦਿੱਤੇ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਿਹਾ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।