ਚੰਡੀਗੜ੍ਹ, 6 ਅਗਸਤ, 2024 – ਪੰਜਾਬ ਵਿਜੀਲੈਂਸ ਬਿਊਰੋ ਨੇ 11,500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੀ.ਐਸ.ਪੀ.ਸੀ.ਐਲ ਦਫ਼ਤਰ ਅਬੋਹਰ ਡਿਵੀਜ਼ਨ-3, ਫਿਰੋਜ਼ਪੁਰ ਜ਼ਿਲ੍ਹੇ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਪਵਨ ਕੁਮਾਰ ਵਿਰੁੱਧ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਦੇ ਵਸਨੀਕ ਸ਼ੁਭਮ ਤਨੇਜਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪੀ.ਐਸ.ਪੀ.ਸੀ.ਐਲ. ਦੇ ਉਕਤ ਮੁਲਾਜ਼ਮ ਨੇ ਬਿਜਲੀ ਮੀਟਰ ਵਿੱਚ ਨੁਕਸ ਪੈਣ ਕਾਰਨ ਉਸਦੀ ਫੈਕਟਰੀ ਦਾ ਵਾਧੂ ਬਿੱਲ ਨਾ ਵਸੂਲਣ ਬਦਲੇ ਦੋ ਤੋਂ ਢਾਈ ਲੱਖ ਰੁਪਏ ਰਿਸ਼ਵਤ ਦੇਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਨਹੀਂ ਤਾਂ ਜੁਰਮਾਨੇ ਵਜੋਂ ਲਗਭਗ 15-20 ਲੱਖ ਰੁਪਏ ਲਗਾਏ ਜਾ ਸਕਦੇ ਹਨ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮੁਲਜ਼ਮ ਜੇਈ ਨੇ ਉਸ ਨੂੰ ਦੋ ਲੱਖ ਰੁਪਏ ਜੁਰਮਾਨੇ ਦੀ ਰਕਮ ਪੀ.ਐਸ.ਪੀ.ਸੀ.ਐਲ ਦਫ਼ਤਰ ਵਿੱਚ ਜਮ੍ਹਾ ਕਰਵਾਉਣ ਲਈ ਆਪਣੇ ਜਾਣਕਾਰ ਸੁਨੀਲ ਕੁਮਾਰ ਨਾਮਕ ਵਿਅਕਤੀ ਦੇ ਬੈਂਕ ਖਾਤੇ ਵਿੱਚ ਜਮ੍ਹਾ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਜੋ ਉਸਨੇ ਜਨਵਰੀ 2024 ਵਿੱਚ ਇਹ ਰਕਮ ਟਰਾਂਸਫਰ ਕਰ ਦਿੱਤੇ। ਇਸ ਤੋਂ ਇਲਾਵਾ ਉਕਤ ਜੇ.ਈ. ਨੇ ਆਪਣੇ ਗੂਗਲ ਪੇਅ ਖਾਤੇ ਵਿੱਚ 11,500 ਰੁਪਏ ਟਰਾਂਸਫਰ ਕਰਵਾ ਲਏ ਅਤੇ 13,500 ਰੁਪਏ ਨਕਦ ਰਕਮ ਵਜੋਂ ਰਿਸ਼ਵਤ ਲੈ ਲਈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪੀ.ਐਸ.ਪੀ.ਸੀ.ਐਲ ਦੇ ਕਰਮਚਾਰੀ ਵੱਲੋਂ 11,500 ਰੁਪਏ ਰਿਸ਼ਵਤ ਲੈਣ ਦੇ ਲਾਏ ਗਏ ਦੋਸ਼ ਸਹੀ ਪਾਏ ਗਏ।
ਇਸ ਸਬੰਧੀ ਉਕਤ ਮੁਲਜ਼ਮ ਖਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਗੂਗਲ ਪੇ ਐਪ ਰਾਹੀਂ 11,500 ਰੁਪਏ ਦੀ ਰਿਸ਼ਵਤ ਲੈਣ ਵਾਲੇ ਜੇਈ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ


