ਚੰਡੀਗੜ੍ਹ, 13 ਫਰਵਰੀ:
ਗਲਤ ਰਿਪੋਰਟ ਅਤੇ ਝੂਠੇ ਹਲਫੀਆ ਬਿਆਨ ਦੇ ਕੇ ਪੰਜਾਬ ਸਰਕਾਰ ਤੋਂ 4,02,222 ਰੁਪਏ ਦੀ ਕਰਜ਼ਾ ਰਾਹਤ ਲੈਣ ਦੇ ਦੋਸ਼ ਹੇਠ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਅਤੇ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਨਵੀਂ ਅਫਸਰ ਕਲੋਨੀ, ਪਟਿਆਲਾ ਨਿਵਾਸੀ ਪਟਵਾਰੀ, ਬਲਕਾਰ ਸਿੰਘ, ਮਾਲ ਹਲਕਾ ਹਮੀਰਗੜ੍ਹ, ਜੋ ਮੌਜੂਦਾ ਸਮੇਂ ਤਹਿਸੀਲ ਦਫ਼ਤਰ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਹੈ, ਵਿਰੁੱਧ ਜਾਂਚ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਹਮੀਰਗੜ੍ਹ ਦੇ ਦੋ ਵਿਅਕਤੀਆਂ ਰਾਮ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤੀਜੇ ਮੁਲਜ਼ਮ ਕਿਸਾਨ ਹਰਦੇਵ ਸਿੰਘ ਵਾਸੀ ਹਮੀਰਗੜ੍ਹ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਕਿਸਾਨਾਂ ਕੋਲ 5 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਹੈ ਅਤੇ ਉਹ ਪਿਛਲੀ ਸਰਕਾਰ ਵੱਲੋਂ ਦਿੱਤੀ ਗਈ ਕਰਜ਼ਾ ਰਾਹਤ ਦਾ ਲਾਭ ਲੈਣ ਦੇ ਯੋਗ ਨਹੀਂ ਸਨ। ਇਨ੍ਹਾਂ ਮੁਲਜ਼ਮਾਂ ਨੇ ਪਟਵਾਰੀ ਨਾਲ ਮਿਲੀਭੁਗਤ ਕਰਕੇ ਲਾਭ ਲੈਣ ਲਈ ਖੇਤੀਬਾੜੀ ਵਿਭਾਗ ਕੋਲ ਫਰਜ਼ੀ ਹਲਫ਼ਨਾਮੇ ਦਾਇਰ ਕੀਤੇ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਪਟਵਾਰੀ ਨੇ ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਸਬੰਧੀ ਅਸਲ ਰਿਪੋਰਟ ਪੋਰਟਲ ‘ਤੇ ਅਪਲੋਡ ਨਹੀਂ ਕੀਤੀ ਸੀ ਅਤੇ ਉਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਰਜ਼ਾ ਮੁਆਫ਼ ਕਰਵਾ ਲਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਰਾਮ ਸਿੰਘ ਨੇ 1,28,249 ਰੁਪਏ, ਸੁਰਿੰਦਰ ਸਿੰਘ ਨੇ 96,258 ਰੁਪਏ ਅਤੇ ਹਰਦੇਵ ਸਿੰਘ ਨੇ 1,77,716 ਰੁਪਏ ਦੀ ਕਰਜ਼ਾ ਰਾਹਤ ਪ੍ਰਾਪਤ ਕੀਤੀ। ਇਸ ਤਰ੍ਹਾਂ ਸਾਰੇ ਮੁਲਜ਼ਮਾਂ ਨੇ ਸਰਕਾਰੀ ਖਜ਼ਾਨੇ ਨੂੰ 4,02,222 ਰੁਪਏ ਦਾ ਨੁਕਸਾਨ ਪਹੁੰਚਾਇਆ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।