ਜ਼ਿਲਾ ਫਰੀਦਕੋਟ ਵਿੱਚ ਯੂਰੀਆ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

Faridkot Politics Punjab

ਫਰੀਦਕੋਟ, 20 ਦਸੰਬਰ 2024 ( ) ਜ਼ਿਲਾ ਫਰੀਦਕੋਟ ਵਿੱਚ ਚਾਲੂ ਹਾੜ੍ਹੀ ਸੀਜ਼ਨ ਦੌਰਾਨ ਦੀ ਕਣਕ ਦੀ ਫ਼ਸਲ ਤਕਰੀਬਨ 115000 ਹੈਕਟੇਅਰ ਰਕਬੇ ਅਤੇ ਹੋਰ ਫ਼ਸਲਾਂ ਦੀ ਤਕਰੀਬਨ ਦਸ ਹਜ਼ਾਰ ਹੈਕਟੇਅਰ ਰਕਬੇ ਵਿੱਚ ਕਾਸ਼ਤ ਕੀਤੀ ਗਈ ਹੈ ਜਿਸ ਲਈ ਤਕਰੀਬਨ 43000 ਮੀਟ੍ਰਿਕ ਟਨ ਯੂਰੀਆ ਖਾਦ ਦੀ ਜ਼ਰੂਰਤ ਹੈ ਅਤੇ ਇਸ ਸਮੇਂ ਜ਼ਿਲੇ  ਅੰਦਰ 28393 ਮੀਟ੍ਰਿਕ ਟਨ ਯੂਰੀਆ ਖਾਦ ਸਹਿਕਾਰੀ ਸਭਾਵਾਂ ਅਤੇ ਨਿੱਜੀ ਦੁਕਾਨਦਾਰਾਂ ਕੋਲ ਉਪਲਬਧ ਹੈ ਅਤੇ ਭੱਵਿਖ ਵਿਚ ਵੀ ਯੂਰੀਆ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ ਸਹਿਕਾਰੀ ਅਤੇ ਨਿੱਜੀ ਅਦਾਰਿਆਂ ਕੋਲ 28393 ਮੀਟ੍ਰਿਕ ਟਨ ਯੂਰੀਆ ਖਾਦ ਉਪਲਬਧ ਕਰਵਾਈ ਗਈ ਹੈ ਜਿਸ ਦੀ ਵਰਤੋਂ ਕਿਸਾਨ ਕਣਕ ਅਤੇ ਹੋਰ ਫ਼ਸਲਾਂ ਵਿੱਚ ਬਿਨ੍ਹਾਂ ਕਿਸੇ ਮੁਸ਼ਕਲ ਦੇ ਕਰ ਰਹੇ ਹਨ । ਉਨਾਂ ਦੱਸਿਆ ਕਿ ਨਵੰਬਰ ਦੇ ਦੂਜੇ ਪੰਦਰਵਾੜੇ ਦੌਰਾਨ ਬੀਜੀ ਕਣਕ ਦੀ ਫ਼ਸਲ ਨੂੰ ਕਿਸਾਨਾਂ ਵੱਲੋਂ ਯੂਰੀਆ ਖਾਦ ਦੀ ਪਹਿਲੀ ਕਿਸ਼ਤ 45 ਕਿਲੋ ਪ੍ਰਤੀ ਏਕੜ ਪਾਈ ਜਾ ਰਹੀ ਹੈ ਜਦ ਕਿ ਨਵੰਬਰ ਦੇ  ਪਹਿਲੇ ਪੰਦਰਵਾੜੇ ਦੌਰਾਨ ਬੀਜੀ ਕਣਕ ਦੀ ਫ਼ਸਲ ਨੂੰ ਦੂਜੀ ਕਿਸ਼ਤ 45 ਕਿਲੋ ਪ੍ਰਤੀ ਏਕੜ ਪਾਈ ਜਾ ਰਹੀ ਹੈ।  ਉਨਾਂ ਦੱਸਿਆ ਕਣਕ ਦੀ ਫ਼ਸਲ ਨੂੰ ਪਹਿਲੀ ਕਿਸ਼ਤ ਲਈ ਲੋੜੀਂਦੀ ਖਾਦ ਉਪਲਬਧ ਹੈ ਜਦ ਕਿ ਬਾਕੀ ਦੀ ਲੋੜੀਂਦੀ ਯੂਰੀਆ ਖਾਦ ਅਗਲੇ ਹਫਤੇ ਪਹੁੰਚ ਜਾਵੇਗੀ । ਉਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਅਤੇ ਨਿੱਜੀ ਖਾਦ ਵਿਕਰੇਤਾਵਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਯੂਰੀਆ ਖਾਦ ਦੀ ਵਿਕਰੀ ਸਮੇਂ ਕਿਸੇ ਤਰਾਂ ਦੀ ਗੈਰ ਜ਼ਰੂਰੀ ਖੇਤੀ ਸਮੱਗਰੀ ਜ਼ਬਰਦਸਤੀ ਕਿਸਾਨਾਂ ਨੂੰ ਨਾ ਦਿੱਤੀ ਜਾਵੇ ਅਤੇ ਜੇਕਰ ਫਿਰ ਵੀ ਕੋਈ ਸਹਿਕਾਰੀ ਸਭਾ ਜਾਂ ਨਿੱਜੀ ਖਾਦ ਵਿਕ੍ਰੇਤਾ ਕਿਸਾਨਾਂ ਨੂੰ ਗੈਰ ਜ਼ਰੂਰੀ ਖੇਤੀ ਸਮੱਗਰੀ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਰਵਾਈ ਕੀਤੀ ਜਾਵੇਗੀ ਜਿਸ ਤਹਿਤ ਲਾਈਸੰਸ ਵੀ ਰੱਦ ਕੀਤਾ ਜਾ ਸਕਦਾ ਹੈ।

 ਉਨਾਂ ਦੱਸਿਆ ਕਿ ਆਮ ਕਰਕੇ ਕਣਕ ਦੀ ਫ਼ਸਲ ਨੂੰ ਦੋ ਕਿਸ਼ਤਾਂ ਵਿਚ 90 ਕਿਲੋ ਯੂਰੀਆ ਪ੍ਰਤੀ ਏਕੜ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਰ ਕਈ ਕਿਸਾਨ 3-4 ਬੈਗ ਪ੍ਰਤੀ ਏਕੜ ਯੂਰੀਆ ਦੀ ਵਰਤੋਂ ਕਰਦੇ ਹਨ ਜੋਂ ਗਲਤ ਹੈ ਅਤੇ  ਸਿਫਾਰਸ਼ਾਂ ਤੋਂ ਵੱਧ ਯੂਰੀਆ ਵਰਤਣ ਨਾਲ ਕਣਕ ਦੀ ਫ਼ਸਲ ਨੂੰ ਕਈ ਕੀੜਿਆਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ,ਫ਼ਸਲ ਡਿੱਗਦੀ ਵੀ ਜ਼ਿਆਦਾ ਹੈ। ਉਨਾਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਕੀੜਿਆਂ ,ਬਿਮਾਰੀਆਂ ਅਤੇ ਡਿੱਗਣ ਤੋਂ ਬਚਾਉਣ ਲਈ ਸਿਫਾਰਸ਼ ਕੀਤੀ ਮਾਤਰਾ ਹੀ ਵਰਤਣੀ ਚਾਹੀਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਅਨੁਸਾਰ ਹੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਹਰੇਕ ਕਿਸਾਨ ਨੂੰ ਜ਼ਰੂਰਤ ਅਨੁਸਾਰ ਖਾਦ ਉਪਲਬਧ ਕਰਵਾਈ ਜਾ ਸਕੇ।

Leave a Reply

Your email address will not be published. Required fields are marked *