ਮੋਗਾ, 21 ਫਰਵਰੀ:
ਜ਼ਿਲ੍ਹਾ ਮੋਗਾ ਨੂੰ ਐਸਪੀਰੇਸ਼ਨਲ ਤੋਂ ਇੰਸਪੀਰੇਸ਼ਨਲ ਜ਼ਿਲ੍ਹਾ ਬਣਾਉਣ ਦੇ ਯਤਨ ਨਿਰੰਤਰ ਜਾਰੀ ਰੱਖੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਸ ਖੇਤਰ ਵਿੱਚ ਸਰਕਾਰ ਵੱਲੋਂ ਆ ਰਹੀ ਵਿੱਤੀ ਸਹਾਇਤਾ ਦੀ ਉੱਚਿਤ ਵਰਤੋਂ ਕਰਕੇ ਵਿਕਾਸ ਦੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਕਦਮ ਪੁੱਟੇ ਜਾ ਰਹੇ ਹਨ। ਕਈ ਅਹਿਮ ਕਾਰਜ ਸੰਪੂਰਨ ਵੀ ਹੋ ਚੁੱਕੇ ਹਨ ਅਤੇ ਕਈ ਅਹਿਮ ਕਾਰਜ ਕਾਰਜਸ਼ੀਲ ਹਨ।
ਇਸ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਪਾਣੀ ਦੀ ਵਧੇਰੇ ਬੱਚਤ ਦੇ ਰਾਹਾਂ ਵੱਲ ਤੋਰਨ ਦੇ ਮਨੋਰਥ ਵਜੋਂ ਡਿਪਟੀ ਕਮਿਸ਼ਨਰ ਮੋਗਾ ਵੱਲੋਂ 50 ਕਿਸਾਨਾਂ ਨੂੰ ਪਾਣੀ ਦੀ ਬੱਚਤ ਤੇ ਖੇਤਰ ਵਿੱਚ ਅਹਿਮ ਪ੍ਰੋਜੈਕਟਾਂ ਨੂੰ ਦਿਖਾਉਣ ਲਈ ਇੱਕ ਦੌਰਾ ਕਰਵਾਇਆ ਗਿਆ। ਇਸ ਬੱਸ ਨੂੰ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਖੁਦ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰੇ ਤਹਿਤ ਕਿਸਾਨਾਂ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਅਤੇ ਸੈਂਟਰ ਆਫ਼ ਐਕਸੀਲੈਂਸ ਕਰਤਾਰਪੁਰ ਲਿਜਾਇਆ ਗਿਆ।ਰੁੜਕਾ ਕਲਾਂ ਪਿੰਡ ਵਿੱਚ ਯੂਥ ਫੁੱਟਬਾਲ ਕਲੱਬ ਵੱਲੋਂ ਕੀਤੇ ਗਏ ਸ਼ਲਾਘਾਯੋਗ ਪ੍ਰੋਜੈਕਟ ਦਿਖਾਏ ਗਏ, ਜਿੱਥੇ ਪਿੰਡ ਦੇ ਚਾਰ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਉਹਨਾਂ ਛੱਪੜਾਂ ਦਾ ਸਾਫ਼ ਕੀਤਾ ਹੋਇਆ ਪਾਣੀ ਖੇਤੀ ਵਿੱਚ ਸੁਚੱਜੇ ਢੰਗ ਨਾਲ ਵਰਤਿਆ ਜਾ ਰਿਹਾ ਹੈ। ਪਿੰਡ ਵੱਲੋਂ ਮੀਂਹ ਦੇ ਪਾਣੀ ਦੀ ਬੱਚਤ ਲਈ ਵੀ ਵਧੀਆ ਉਪਰਾਲੇ ਕੀਤੇ ਗਏ ਹਨ। ਕਰਤਾਰਪੁਰ ਵਿਖੇ ਚੱਲ ਰਹੇ ਸੈਂਟਰ ਆਫ਼ ਐਕਸੀਲੈਂਸ ਫਾਰ ਵੈਜੀਟੇਬਲ ਵਿੱਚ ਕਿਸਾਨਾਂ ਨੂੰ ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਸਬਜੀਆਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇੱਥੇ ਕਿਸਾਨਾਂ ਨੂੰ ਸੂਖਮ ਸਿੰਚਾਈ ਤਕਨੀਕਾਂ ਨਾਲ ਪਾਣੀ ਦੀ ਬੱਚਤ ਅਤੇ ਪੌਲੀ ਹਾਊਸ ਖੇਤੀ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ।
ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਤਹਿਤ ਭੂਮੀ ਅਤੇ ਜਲ ਸੰਭਾਲ ਵਿਭਾਗ ਮੋਗਾ ਵੱਲੋਂ ਜ਼ਿਲ੍ਹੇ ਦੇ ਪੰਜ ਪਿੰਡਾਂ ਧੱਲੇਕੇ, ਖੋਸਾ ਪਾਂਡੋ, ਨੂਰਪੁਰ ਹਕੀਮਾਂ, ਪੱਤੋ ਜਵਾਹਰ ਸਿੰਘ ਅਤੇ ਮੌੜ ਨੌ ਆਬਾਦ ਵਿੱਚ ਪਾਣੀ ਦੀ ਬੱਚਤ ਅਤੇ ਸੁਚੱਜੀ ਵਰਤੋਂ ਲਈ ਪਿੰਡਾਂ ਦੇ ਛੱਪੜਾਂ ਤੋਂ ਸਿੰਚਾਈ ਲਈ ਜਮੀਨ ਦੌਜ਼ ਨਾਲੀਆਂ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਮੋਟਰਾਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਨਾਲ ਜਿੱਥੇ ਛੱਪੜਾਂ ਦੀ ਨਿਕਾਸੀ ਦਾ ਹੱਲ ਨਿਕਲੇਗਾ, ਉੱਥੇ ਧਰਤੀ ਹੇਠਲਾ ਸਾਫ਼ ਪਾਣੀ ਵੀ ਬਚੇਗਾ। ਪੰਜ ਪਿੰਡਾਂ ਵਿੱਚ ਕੁੱਲ 10195 ਮੀਟਰ ਪਾਈਪ ਲਾਈਨ ਵਿਛਾਈ ਗਈ ਹੈ, ਜਿਸ ਨਾਲ 225.98 ਹੈਕਟੇਅਰ ਰਕਬੇ ਦੀ ਸਿੰਚਾਈ ਸੰਭਵ ਹੋ ਸਕੇਗੀ। 1 ਕਰੋੜ 8 ਲੱਖ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਚਾਲੂ ਹੋ ਜਾਵੇਗਾ ਅਤੇ ਇਨ੍ਹਾਂ ਪਿੰਡਾਂ ਦੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਇਨ੍ਹਾਂ ਛੱਪੜਾਂ ਜਰੀਏ ਹੀ ਸਾਫ਼ ਸੁਥਰਾ ਪ੍ਰਾਪਤ ਹੋਣ ਲੱਗੇਗਾ।
ਇਸ ਦੌਰੇ ਦੌਰਾਨ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਮੋਗਾ ਇੰਜਂ ਸੁਖਦਰਸ਼ਨ ਸਿੰਘ, ਡਾ. ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫ਼ਸਰ, ਮੋਗਾ, ਸਿਮਰਨਜੀਤ ਸਿੰਘ, ਭੂਮੀ ਰੱਖਿਆ ਅਫਸਰ, ਕੋਟ ਈਸੇ ਖਾਂ, ਮਨਜੀਤ ਸਿੰਘ ਭੂਮੀ ਰੱਖਿਆ ਅਫਸਰ ਬਾਘਾਪੁਰਾਣਾ, ਗੁਰਪ੍ਰੀਤ ਸਿੰਘ ਖੇਤੀਬਾੜੀ ਉੱਪ ਨਿਰੀਖਕ, ਗੁਰਵਿੰਦਰ ਸਿੰਘ ਖੇਤੀਬਾੜੀ ਉੱਪ ਨਿਰੀਖਕ ਅਤੇ ਵਿਭਾਗ ਦੇ ਸਰਵੇਅਰ ਵੀ ਮੌਜੂਦ ਸਨ।