ਮਗਨਰੇਗਾ ਤਹਿਤ ਹੁਣ ਤੱਕ 14.72 ਕਰੋੜ ਦੇ ਕੰਮ ਕਰਵਾਏ ਮੁਕੰਮਲ-ਡੀ.ਸੀ ਫਰੀਦਕੋਟ

Faridkot

ਫਰੀਦਕੋਟ 23 ਅਗਸਤ,

ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਮਗਨਰੇਗਾ ਤਹਿਤ ਜਿਲ੍ਹੇ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਦੱਸਿਆ ਕਿ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ 14.72 ਕਰੋੜ ਰੁਪਏ ਦੇ ਕੰਮ ਮੁਕੰਮਲ ਕਰਵਾਏ ਗਏ ਹਨ।

          ਇਨ੍ਹਾਂ ਕੰਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਵਾਲੇ ਇਸ ਵਿਭਾਗ ਦੇ ਨੁਮਾਇੰਦਿਆਂ ਨੂੰ ਸੰਬੋਧਿਤ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਸੂਬੇ ਨੂੰ ਨਵੀਆਂ ਉੱਚਾਈਆਂ ਤੇ ਲਿਜਾਣ ਵਾਲੇ ਸੁਪਨੇ ਨੂੰ ਪਹੁੰਚਾਉਣ ਵਿੱਚ ਮਗਨਰੇਗਾ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ  ।

          ਵਿਭਾਗ ਦੇ ਨੁੰਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਨੂੰ ਕੀਤੇ ਜਾ ਚੁੱਕੇ ਕੰਮ ਅਤੇ ਨਿਰਮਾਣ ਅਧੀਨ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱਕ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ,ਗਲੀਆਂ ਦੀ ਨਵੀਂ ਉਸਾਰੀ, ਖਾਲਾਂ ਦੀ ਸਫ਼ਾਈ, ਨਵੇਂ ਆਂਗਨਵਾੜੀ ਸੈਂਟਰਾਂ, ਪਾਰਕਾਂ ਅਤੇ ਲਾਇਬ੍ਰੇਰੀਆਂ ਦੀ ਉਸਾਰੀ ਜਿਹੇ ਕੰਮਾਂ ਨੂੰ ਇਸ ਤਹਿਤ ਕੀਤਾ ਜਾਂਦਾ ਹੈ । ਇਨ੍ਹਾਂ ਕੰਮਾਂ ਤੋਂ ਇਲਾਵਾ ਪਿੰਡਾਂ ਅਤੇ ਕਸਬਿਆਂ ਵਿੱਚ ਪਲੇਅ ਗਰਾਊਂਡ ਬਣਾਉਣੇ ਅਤੇ ਬੇਰੁਜ਼ਗਾਰਾਂ ਨੂੰ ਲੇਬਰ ਦਾ ਕੰਮ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਮਗਨਰੇਗਾ ਦਾ ਮੁੱਖ ਉਦੇਸ਼ ਹੈ ।

          ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੇ ਗਏ 14.72 ਕਰੋੜ ਦੇ ਕੰਮਾਂ ਵਿਚੋਂ 12.78 ਕਰੋੜ ਰੁਪਏ ਪਿੰਡਾਂ ਅਤੇ ਕਸਬਿਆਂ ਵਿੱਚ ਇਨ੍ਹਾਂ ਕੰਮਾਂ ਨੂੰ ਨੇਪਰੇ ਚੜਾਉਣ ਵਾਲੀ ਲੇਬਰ ਵਿੱਚ ਵਿਤਰਿਤ ਕੀਤੇ ਗਏ ਹਨ ਜਦਕਿ 1.93 ਕਰੋੜ ਰੁਪਏ ਦੀ ਧਨ ਰਾਸ਼ੀ ਨਿਰਮਾਣ ਕੀਤੀਆਂ ਇਮਾਰਤਾਂ,ਗਲੀਆਂ,ਪਾਰਕ ਅਤੇ ਹੋਰ ਉਸਾਰੀ ਲਈ ਵਰਤਿਆ ਜਾਣ ਵਾਲੇ ਸਮਾਨ ਤੇ ਖਰਚ ਕੀਤੀ ਗਈ ਹੈ ।

          ਪ੍ਰਗਤੀ ਅਧੀਨ ਕੰਮਾਂ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਚੱਕ ਕਲਿਆਣ ਵਿਖੇ ਗ੍ਰਾਮ ਪੰਚਾਇਤ ਦੀ ਨਿਗਰਾਨੀ ਹੇਠ 1.45 ਲੱਖ ਦੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਵਿਛਾਉਣ ਦੇ ਕੰਮ ਤੋਂ ਇਲਾਵਾ ਬਸਤੀ ਨਾਨਕਸਰ ਵਿਖੇ ਵੀ 7.19 ਲੱਖ ਦੇ ਇਸੇ ਤਰ੍ਹਾਂ ਦੇ ਕੰਮ ਉਲੀਕੇ ਗਏ ਹਨ  । ਇਸੇ ਤਰ੍ਹਾਂ ਪਿੰਡ ਵਾਂਦਰ ਜਟਾਣਾ ਵਿਖੇ 9.34 ਲੱਖ ਦੀ ਲਾਗਤ ਨਾਲ ਆਂਗਣਵਾੜੀ ਸੈਂਟਰ ਦੀ ਉਸਾਰੀ ਕੀਤੀ ਜਾ ਰਹੀ ਹੈ।