ਚੰਡੀਗੜ੍ਹ/ਫਿਰੋਜ਼ਪੁਰ, 7 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਦਰਜ ਕਰਿਦਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਫਿਰੋਜ਼ਪੁਰ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਨਾਲ ਪੂਰਨ ਤਾਲਮੇਲ ਵਾਲੇ ਸਾਂਝੇ ਆਪ੍ਰੇਸ਼ਨ ਤਹਿਤ ਫਿਰੋਜ਼ਪੁਰ ਦੇ ਇੱਕ ਦੁਕਾਨਦਾਰ ਦੇ ਕਤਲ ਕੇਸ ਵਿੱਚ ਸ਼ਾਮਲ ਰਾਜਸਥਾਨ ਅਧਾਾਰਤ ਦੋ ਸ਼ੂਟਰਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਿਸ਼ਨੂੰ ਕੁਮਾਰ ਵਾਸੀ ਰੂਪਬਾਸ, ਭਰਤਪੁਰ (ਰਾਜਸਥਾਨ) ਅਤੇ ਰਾਹੁਲ ਮਹਾਵਰ ਵਾਸੀ ਅਨੰਤਪੁਰਾ, ਕੋਟਾ (ਰਾਜਸਥਾਨ) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਬੇਰੇਟਾ ਪਿਸਤੌਲ ਸਮੇਤ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਦੋ ਹਮਲਾਵਰਾਂ ਨੇ 1 ਜੂਨ, 2026 ਨੂੰ ਫਿਰੋਜ਼ਪੁਰ ਦੇ ਮਖੂ ਵਿਖੇ ਗਾਬਾ ਜਨਰਲ ਸਟੋਰ ਦੇ ਮਾਲਕ ਗੁਰਚਰਨ ਸਿੰਘ ਗਾਬਾ ਦੀ  ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਸ਼ਨੂੰ ਦਾ ਜਬਰਨ ਵਸੂਲੀ, ਡਕੈਤੀ, ਚੋਰੀ ਅਤੇ ਅਸਲਾ ਐਕਟ ਦੀ ਉਲੰਘਣਾ ਨਾਲ ਸਬੰਧਤ ਅਪਰਾਧਿਕ ਪਿਛੋਕੜ ਹੈ ਅਤੇ ਉਸ ’ਤੇ ਰਾਜਸਥਾਨ ਪੁਲਿਸ ਵੱਲੋਂ 10,000 ਰੁਪਏ ਦਾ ਇਨਾਮ  ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏ.ਜੀ.ਟੀ.ਐਫ. ਪ੍ਰਮੋਦ ਬਾਨ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਏ.ਜੀ.ਟੀ.ਐਫ. ਪੰਜਾਬ ਵੱਲੋਂ ਡੀਐਸਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ‘‘ਹਿੱਲ ਟਰੈਪ’’ ਨਾਂ ਦਾ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ ਅਤੇ ਰਾਜਸਥਾਨ ਵਿੱਚ ਵੱਡੇ ਪੱਧਰ ’ਤੇ  ਛਾਪੇਮਾਰੀ ਕੀਤੀ ਗਈ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਛਾਪੇਮਾਰੀਆਂ ਦੌਰਾਨ ਮਿਲੀ ਪੁਖ਼ਤਾ ਇਤਲਾਹ ਮਿਲੀ ਸੀ ਕਿ ਮੁਲਜ਼ਮਾਂ ਦੀਆਂ ਜੰਮੂ ਅਤੇ ਕਸ਼ਮੀਰ ਵਿੱਚ ਛੁਪਣਗਾਹਾਂ ਹਨ, ਜਿਸ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ.ਜੀ.ਟੀ.ਐਫ. ਪੰਜਾਬ, ਫਿਰੋਜ਼ਪੁਰ ਪੁਲਿਸ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ।

ਏ.ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਪੁਲਿਸ ਸਟੇਸ਼ਨ ਕੁੱਦ ਨੇੜੇ ਪਤਨੀਟੌਪ-ਕੁੱਦ  ਰੋਡ ’ਤੇ ਲਗਾਏ ਨਾਕੇ ’ਤੇ ਰੋਕਿਆ ਗਿਆ। ਪੁਲਿਸ ਟੀਮ ਨੂੰ ਦੇਖਦਿਆਂ ਮੁਲਜ਼ਮਾਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਬੜੀ ਮੁਸਤੈਦੀ ਨਾਲ ਦੋਵਾਂ ਮੁਲਜ਼ਮਾਂ ਨੂੰ ਇੱਕ ਪਿਸਤੌਲ ਸਮੇਤ ਸਫ਼ਲਤਾਪੂਰਵਕ ਕਾਬੂ ਕਰ ਲਿਆ।  

ਫਿਰੋਜ਼ਪੁਰ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਟੀਮਾਂ ਹੁਣ ਘਟਨਾ ਪਿਛਲੀ ਅਸਲ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿਚ ਜੁਟੀਆਂ ਹਨ, ਜਿਸ ਤਹਿਤ ਹਮਲੇ ਦੀ ਯੋਜਨਾ ਬਣਾਉਣ ਵਾਲੇ, ਵਿੱਤੀ ਸਹਾਇਤਾ ਜਾਂ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਸਬੰਧੀ ਐਫਆਈਆਰ ਨੰਬਰ 111 ਮਿਤੀ 01.06.2026 ਨੂੰ ਬੀਐਨਐਸ ਦੀ ਧਾਰਾ 103 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਫਿਰੋਜ਼ਪੁਰ ਦੇ ਪੁਲਿਸ ਸਟੇਸ਼ਨ ਮੱਖੂ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।