ਖਡੂਰ ਸਾਹਿਬ, 03 ਫਰਵਰੀ :
ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਹਾਇਕ ਧੰਦਿਆਂ ਸਬੰਧੀ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰੀ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਵੱਲੋਂ ਹਲਦੀ ਪ੍ਰੋਸੈਸਿੰਗ ਪਲਾਂਟ ਨਾਗੋਕੇ ਦਾ ਦੌਰਾ ਕੀਤਾ ਗਿਆ । ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 2011-12 ਵਿੱਚ ਉਨਾਂ ਨੇ ਰਵਾਇਤੀ ਖੇਤੀ ਦੇ ਨਾਲ ਨਾਲ ਹਲਦੀ ਬੀਜਣ ਦੀ ਸ਼ੁਰੂਆਤ ਵੀ ਕੀਤੀ। ਉਨਾਂ ਨੇ ਸ਼ੁਰੂਆਤ ਵਿੱਚ ਇੱਕ ਕਿੱਲੇ ਵਿੱਚ ਹਲਦੀ ਦੀ ਬਿਜਾਈ ਕੀਤੀ । ਸ਼੍ਰੀ ਕ੍ਰਿਸ਼ਨ ਕੁਮਾਰ ਦੀ ਮਾਲਕੀ 06 ਏਕੜ ਹੈ
ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਉਸ ਤਰ੍ਹਾਂ ਹੀ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਉਹਨਾਂ ਦੇ ਹਿੱਸੇਦਾਰ ਸ੍ਰੀ ਅਮਰਜੀਤ ਸਿੰਘ ਦੀ ਦਿਲਚਸਪੀ ਹੋਰ ਵਧੀ ਅਤੇ ਉਨਾਂ ਨੇ ਹਲਦੀ ਦਾ ਪ੍ਰੋਸੈਸਿੰਗ ਪਲਾਂਟ ਵੀ ਨਾਲ ਲਗਾ ਲਿਆ। ਉਨਾਂ ਨੇ ਕਣਕ ਝੋਨੇ ਦੀ ਰਵਾਇਤੀ ਖੇਤੀ ਦੇ ਨਾਲ ਨਾਲ ਕਣਕ ਝੋਨੇ ਨੂੰ ਬੀਜਣ ਵਾਸਤੇ ਉਹਨਾਂ ਤਕਨੀਕਾਂ ਨੂੰ ਅਪਣਾਇਆ ਜਿਨਾਂ ਦੇ ਨਾਲ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਕਣਕ ਦੀ ਸੁਪਰ ਸੀਡਰ ਹੈਪੀ ਸੀਡਰ ਨਾਲ ਬਿਜਾਈ। ਉਹ ਆਪਣੇ ਪਰਿਵਾਰ ਦੇ ਖਾਣ ਲਈ ਕਣਕ ਅਤੇ ਬਾਸਮਤੀ ਦੀ ਜੈਵਿਕ ਕਾਸ਼ਤ ਕਰਦੇ ਹਨ ਅਤੇ ਉਨਾਂ ਨੇ ਪਿਛਲੇ ਸੱਤ ਅੱਠ ਸਾਲਾਂ ਤੋਂ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ।ਉਨਾਂ ਨੇ ਹਲਦੀ ਦੇ ਪ੍ਰੋਸੈਸਿੰਗ ਪਲਾਂਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਨਾਲ ਪੰਜ ਤੋਂ ਸੱਤ ਕਿਸਾਨਾਂ ਨੂੰ ਜੋੜਿਆ ਜਿੰਨਾ ਕੋਲੋਂ ਉਹ ਹਲਦੀ ਬਿਜਵਾਏ ਹਨ ਅਤੇ ਉਸ ਨੂੰ ਆਪਣੇ ਪ੍ਰੋਸੈਸਿੰਗ ਪਲਾਂਟ ਵਿੱਚ ਉਬਾਲ ਕੇ ਪੀਸ ਕੇ ਖਪਤਕਾਰਾਂ ਤੱਕ ਪਹੁੰਚਾਉਂਦੇ ਹਨ ।
ਉਨਾਂ ਨੇ ਦੱਸਿਆ ਕਿ ਹਲਦੀ ਦਸ ਮਹੀਨੇ ਦੀ ਫਸਲ ਹੈ ਅਤੇ ਇਸ ਵਿੱਚੋਂ ਚੰਗੀ ਕਮਾਈ ਹੋ ਜਾਂਦੀ ਹੈ । ਯਾਦਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਨਾਂ ਦੇ ਪਲਾਂਟ ਵਿੱਚ ਪੰਜ ਤੋਂ ਸੱਤ ਵਰਕਰ ਕੰਮ ਕਰਦੇ ਹਨ ਅਤੇ ਉਹ ਪ੍ਰੋਸੈਸਿੰਗ ਪਲਾਂਟ ਵਿੱਚ ਕੰਮ ਕਰਕੇ ਖੁਸ਼ ਹਨ ਅਤੇ ਮੈਨੂੰ ਵੀ ਖੁਸ਼ੀ ਮਿਲਦੀ ਹੈ ਕਿ ਮੇਰੇ ਇਸ ਪਲਾਂਟ ਨਾਲ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਹੈ । ਉਨਾਂ ਨੇ ਦੱਸਿਆ ਕਿ ਆਤਮਾ ਅਤੇ ਡਾਕਟਰ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਦੀ ਪ੍ਰੇਰਨਾ ਸਦਕਾ ਉਹ ਇਸ ਖੇਤਰ ਵਿੱਚ ਆਏ । ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਰੋਜਾਨਾ ਦੀ 40-50 ਕਿਲੋ ਹਲਦੀ ਰਿਟੇਲ ਵਿੱਚ ਸੇਲ ਹੋ ਜਾਂਦੀ ਹੈ । ਉਹਨਾਂ ਨੇ ਦੱਸਿਆ ਕਿ ਹਲਦੀ ਦਾ ਰਿਟੇਲ ਮੁੱਲ 240/- ਰੁਪਏ ਪ੍ਰਤੀ ਕਿਲੋ ਹੈ ਜਿੰਨਾ ਖਪਤਕਾਰਾਂ ਨੇ ਹਲਦੀ ਖਰੀਦਣੀ ਹੈ ਉਹ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਮੋਬਾਇਲ ਨੰਬਰ 94171-21387 ਤੇ ਸੰਪਰਕ ਕਰ ਸਕਦੇ ਹਨ । ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਗੁਰ ਪ੍ਰਤਾਪ ਸਿੰਘ ਫੀਲਡ ਵਰਕਰ ਹਾਜ਼ਰ ਸਨ ।
ਭਵਿੱਖ ਦੀਆਂ ਯੋਜਨਾਵਾਂ:
ਉਹ ਭਵਿੱਖ ਵਿੱਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਣ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ।
ਸੰਦੇਸ਼
“ਇੱਕ ਸੰਦੇਸ਼ ਜੋ ਮੈਂ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ ਉਹ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਰਿਵਾਇਤੀ ਖੇਤੀ ਦੇ ਨਾਲ ਨਾਲ ਜੈਵਿਕ ਖੇਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋਂ ਬਹੁਤ ਮਹੱਤਵਪੂਰਣ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।