ਫਾਜ਼ਿਲਕਾ 15 ਅਪ੍ਰੈਲ
ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵੱਲੋਂ ਅੱਜ ਆਨਲਾਈਨ ਵਿਧੀ ਰਾਹੀਂ ਜ਼ਿਲ੍ਹੇ ਦੇ ਸੈਕਟਰ ਸੁਪਰਵਾਇਜਰਾਂ ਨੂੰ ਪੋਲ ਡੇਅ ਮੋਨਟਰਿੰਗ ਸਿਸਟਮ (ਪੀਏਐਮਐਸ) ਐਪ ਸਬੰਧੀ ਆਨਲਾਈਨ ਸਿਖਲਾਈ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਸੀ ਸਿਬਨ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਤਕਨੀਕੀ ਕਾਰਜਪ੍ਰਣਾਲੀ ਹੈ ਜਿਸ ਰਾਹੀਂ ਸਾਰੀ ਚੋਣ ਪ੍ਰਕ੍ਰਿਆ ਦੀ ਨਾਲੋਂ ਨਾਲ ਨਿਗਰਾਨੀ ਸੰਭਵ ਹੋ ਸਕੇਗੀ।
ਸਥਾਨਕ ਪੱਧਰ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਨੇ ਸਾਰੇ ਸੈਕਟਰ ਸੁਪਰਵਾਈਜਰਾਂ ਨੂੰ ਕਿਹਾ ਕਿ ਇਸ ਸਿਖਲਾਈ ਨਾਲ ਉਹ ਇਸ ਨਵੀਂ ਐਪ ਦੀ ਕਾਰਜ ਪ੍ਰਣਾਲੀ ਬਾਰੇ ਜਾਣ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਐਪ ਰਾਹੀਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਤੋਂ ਲੈਕੇ ਮਤਦਾਨ ਤੋਂ ਬਾਅਦ ਈਵੀਐਮ ਮਸ਼ੀਨਾਂ ਦੇ ਵਾਪਿਸ ਜਮਾਂ ਹੋਣ ਤੱਕ ਸਾਰੀ ਪ੍ਰਕ੍ਰਿਆ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਹਰੇਕ ਪੜਾਅ ਦੀ ਜਾਣਕਾਰੀ ਸੁਪਰਵਾਈਜਰ ਵੱਲੋਂ ਅਪਲੋਡ ਕੀਤੀ ਜਾਵੇਗੀ। ਇਸ ਰਾਹੀਂ ਮਤਦਾਨ ਵਾਲੇ ਦਿਨ ਹਰੇਕ ਦੋ ਘੰਟੇ ਬਾਅਦ ਕਿੰਨੇ ਫੀਸਦੀ ਮਤਦਾਨ ਹੋ ਗਿਆ ਅਤੇ ਕਿੰਨੇ ਲੋਕ ਵੋਟ ਪਾ ਚੁੱਕੇ ਹਨ ਉਸਦੀ ਜਾਣਕਾਰੀ ਵੀ ਨਾਲੋ ਨਾਲ ਚੋਣ ਕਮਿਸ਼ਨ ਕੋਲ ਪਹੁੰਚੇਗੀ।
ਇਸ ਮੌਕੇ ਅਬੋਹਰ ਦੇ ਐਸਡੀਐਮ ਸ੍ਰੀ ਪੰਕਜ ਬਾਂਸਲ ਅਤੇ ਜਲਾਲਾਬਾਦ ਦੇ ਐਸਡੀਐਮ ਸ੍ਰੀ ਬਲਕਰਨ ਸਿੰਘ ਵੀ ਹਾਜਰ ਸਨ।
ਪੀਏਐਮਐਸ ਐਪ ਸਬੰਧੀ ਸੈਕਟਰ ਸੁਪਰਵਾਈਜਰਾਂ ਨੂੰ ਦਿੱਤੀ ਸਿਖਲਾਈ


