ਜੈਵਿਕ ਖਾਦਾਂ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਲਗਾਇਆ ਗਿਆ ਟ੍ਰੇਨਿੰਗ ਕੈਂਪ

Patiala Politics Punjab

ਪਟਿਆਲਾ, 9 ਮਾਰਚ:
 
 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾਇਰੈਕਟਰ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ-ਅਟਾਰੀ, ਜ਼ੋਨ-1 ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਦਿੱਤੁਪੁਰ ਵਿਖੇ ਖਮੀਰੀਕ੍ਰਿਤ ਜੈਵਿਕ ਖਾਦਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 65 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। 
ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਡਾ. ਗੁਰਪ੍ਰੀਤ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਖਮੀਰੀਕ੍ਰਿਤ ਜੈਵਿਕ ਖਾਦ ਦੀ ਮਹੱਤਤਾ, ਖਾਦ ਵਿਚਲੇ ਖੁਰਾਕੀ ਤੱਤਾਂ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਸ ਖਾਦ ਦੀ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ। 
ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਆਏ ਹੋਏ ਕਿਸਾਨਾਂ ਨੂੰ ਕੇ.ਵੀ.ਕੇ. ਦੀਆਂ ਗਤੀਵਿਧੀਆਂ ਅਤੇ ਪੌਦਾ ਰੋਗਾਂ ਤੇ ਕੀੜਿਆਂ ਦੀ ਸਰਵਪੱਖੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
 ਇਸ ਮੌਕੇ ਫਸਲਾਂ ਵਿੱਚ ਜਿਵਾਣੂ ਖਾਦਾਂ ਦੀ ਵਰਤੋਂ ਅਤੇ ਇਹਨਾਂ ਖਾਦਾਂ ਦੇ ਮਹੱਤਵ ਬਾਰੇ ਵੀ ਚਰਚਾ ਕੀਤੀ ਗਈ। ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਦਾ ਇਸ ਪਿੰਡ ਵਿਖੇ ਖੇਤੀਬਾੜੀ ਦਾ ਕੈਂਪ ਲਾਉਣ ਦਾ ਧੰਨਵਾਦ ਕੀਤਾ।  ਡਾ. ਗੁਰਪ੍ਰੀਤ ਸਿੰਘ ਸਿੱਧੂ ਨੇ ਕੈਂਪ ਵਿੱਚ ਆਏ ਹੋਏ ਸਾਰੇ ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨਾਂ ਨੂੰ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।

Leave a Reply

Your email address will not be published. Required fields are marked *