ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ – ਚੀਫ ਜੁਡੀਸ਼ੀਅਲ ਮੈਜਿਸਟ੍ਰੇਟ 

Politics Punjab

ਫਿਰੋਜ਼ਪੁਰ,14ਨਵੰਬਰ ( ) ਸਿਹਤ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਸਾਂਝੇ ਉਪਰਾਲੇ ਹੇਠ ਦਾਸ ਐਂਡ ਬ੍ਰਾਊਨ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਅਤੇ ਸਕੂਲ ਵੈਨ ਡਰਾਈਵਰਾਂ, ਸਹਾਇਕਾਂ ਦੀ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਇਸ ਜਾਂਚ ਕੈਂਪ ਦਾ ਉਦਘਾਟਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੈਡਮ ਅਨੁਰਾਧਾ ਵਲੋਂ ਕੀਤਾ ਗਿਆ। ਉਨ੍ਹਾਂ ਨਾਲ ਸਹਾਇਕ ਰਿਜਨਲ ਟਰਾਂਸਪੋਰਟ ਅਧਿਕਾਰੀ ਰਾਕੇਸ਼ ਕੁਮਾਰ ਬਾਂਸਲ ਵੀ ਹਾਜ਼ਰ ਸਨ। 

               ਇਸ ਦੌਰਾਨ ਮੈਡਮ ਅਨੁਰਾਧਾ ਨੇ ਕਿਹਾ ਕਿ ਕਿਸੇ ਵੀ ਵਾਹਨ ਨੂੰ ਚਲਾਉਣ ਵੇਲੇ ਅੱਖਾਂ ਦੀ ਤੰਦਰੁਸਤੀ ਸੱਭ ਤੋਂ ਜ਼ਰੂਰੀ ਹੂੰਦੀ ਹੈ, ਖ਼ਾਸਕਰ ਸਕੂਲ ਵੈਨ ਚਾਲਕਾਂ ਨੂੰ ਸਮੇਂ-ਸਮੇਂ ’ਤੇ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਤੇ 35 ਤੋਂ 40 ਸਕੂਲੀ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਪਹੁੰਚਾਉਣ ਦੀ ਜਿੰਮੇਵਾਰੀ ਹੁੰਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅੱਜ ਦਾਸ ਐਂਡ ਬ੍ਰਾਊਨ ਸਕੂਲ ਵਿੱਖੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਵੈਨ ਡਰਾਈਵਰਾਂ ਅਤੇ ਸਹਾਇਕਾਂ ਦੀ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਜੋ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

               ਸਿਹਤ ਵਿਭਾਗ ਵੱਲੋਂ ਅੱਖਾਂ ਦੀ ਜਾਂਚ ਓਪਥੇਲਮਿਕ ਅਫ਼ਸਰ ਮੈਡਮ ਆਸ਼ੂ ਸ਼ਰਮਾ ਵਲੋਂ ਕੀਤੀ ਗਈ। ਸਕੂਲੀ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀ ਦੁਰਘਟਨਾਵਾਂ ਵਿੱਚ ਜ਼ਖਮੀਆਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਫ਼ਰਿਸ਼ਤੇ ਯੋਜਨਾ ਬਾਰੇ ਜਾਗਰੂਕ ਕਰਦਿਆਂ ਸਿਹਤ ਵਿਭਾਗ ਤੋ ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਅਤੇ ਟ੍ਰੈਫਿਕ ਵਿਭਾਗ ਤੋ ਏ.ਐੱਸ.ਆਈ. ਲਖਵੀਰ ਸਿੰਘ ਵੱਲੋ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। 

             ਇਸ ਦੌਰਾਨ ਸਤਨਾਮ ਸਿੰਘ ਵੱਲੋਂ ਸਕੂਲ ਵਾਹਨ ਸੇਫ ਪਾਲਿਸੀ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਕਾਰਨ ਮੌਤਾਂ ਨੂੰ ਘਟਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਲਦੀ ਅਤੇ ਸੁਵਿਧਾਜਨਕ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਚਲਾਈ ਗਈ ਹੈ। ਹਸਪਤਾਲਾਂ ਅਤੇ ਪੁਲਿਸ ਦੀ ਪੁੱਛ ਗਿੱਛ ਤੋਂ ਬਚਣ ਲਈ ਲੋਕ ਜਖਮੀ ਵਿਅਕਤੀਆਂ ਨੂੰ ਲੈ ਕੇ ਜਾਣ ਵਿੱਚ ਝਿਜਕਦੇ ਸਨ, ਜਿਸ ਕਰਕੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਫਰਿਸ਼ਤੇ ਸਕੀਮ ਅਧੀਨ ਸੂਬੇ ਦੇ 493 ਹਸਪਤਾਲਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 313 ਪ੍ਰਾਈਵੇਟ ਅਤੇ 180 ਸਰਕਾਰੀ ਹਸਪਤਾਲ ਸ਼ਾਮਲ ਹਨ। ਫਰਿਸ਼ਤੇ ਯੋਜਨਾਂ ਦੇ ਤਹਿਤ ਜ਼ਖਮੀਆਂ ਨੁੰ ਹਸਪਤਾਲਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੁਆਰਾ ” ਫਰਿਸ਼ਤਾ ” ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਚੰਦੇਲ, ਡਾ. ਹਰਪ੍ਰੀਤ ਮੈਡੀਕਲ ਅਫ਼ਸਰ, ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *