ਸੈਰ ਸਪਾਟਾ ਵਿਭਾਗ ਪੰਜਾਬ ਦੀਆਂ ਵੇਖਣ ਵਾਲੀਆਂ ਥਾਵਾਂ ਦੀ ਪ੍ਰਦਰਸ਼ਨੀ ਬੱਸ ਭਲਾਈਆਣਾ ਪਹੁੰਚੀ

Sri Muktsar Sahib

ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ) 29 ਅਗਸਤ

ਸੈਰ ਸਪਾਟਾ ਵਿਭਾਗ ਵੱਲੋਂ ਰਾਜ ਵਿੱਚ ਵੇਖਣ ਯੋਗ ਥਾਵਾਂ ਨੂੰ ਇੱਕ ਪ੍ਰਦਰਸ਼ਨੀ ਬੱਸ ਰਾਹੀਂ ਲੋਕਾਂ ਨੂੰ ਵਿਖਾਉਣ ਲਈ ਤੀਆਂ ਦੇ ਮੇਲੇ ਵਿੱਚ ਵਿਵਸਥਾ ਕੀਤੀ ਗਈ ਹੈ। ਪਿੰਡ ਭਲਾਈਆਣਾ ਵਿਖੇ ਲੱਗੇ ਇਸ ਤੀਆਂ ਦੇ ਮੇਲੇ ਵਿੱਚ ਵਿਭਾਗ ਦੀ ਇਹ ਪ੍ਰਦਰਸ਼ਨੀ ਬੱਸ ਪਹੁੰਚੀ ਹੈ, ਜਿਸ ਨੂੰ ਲੋਕ ਉਤਸਾਹ ਨਾਲ ਵੇਖ ਰਹੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਦੀ ਸ਼ੁਰੂਆਤ ਕਰਵਾਈ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਲਈ ਅਨੇਕਾਂ ਥਾਵਾਂ ਹਨ ਪਰ ਇਹਨਾਂ ਸਬੰਧੀ ਕਈ ਵਾਰ ਸਾਨੂੰ ਜਾਣਕਾਰੀ ਨਹੀਂ ਹੁੰਦੀ। ਇਹਨਾਂ ਸਾਰੀਆਂ ਥਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਅਤੇ ਇਹਨਾਂ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ਦੇਣ ਲਈ ਟੂਰਿਜ਼ਮ ਵਿਭਾਗ ਨੇ ਇਹ ਬੱਸ ਭਲਾਈਆਣਾ ਵਿਖੇ ਭੇਜੀ ਹੈ। ਇਹ ਬੱਸ ਕੱਲ 30 ਅਗਸਤ ਵਾਲੇ ਦਿਨ ਵੀ ਭਲਾਈਆਣਾ ਦੀ ਅਨਾਜ ਮੰਡੀ ਵਿੱਚ ਚੱਲ ਰਹੇ ਤੀਆਂ ਦੇ ਮੇਲੇ ਵਿੱਚ ਰਹੇਗੀ, ਜਿੱਥੇ ਲੋਕ ਇਸ ਪ੍ਰਦਰਸ਼ਨੀ ਬੱਸ ਨੂੰ ਵੇਖ ਸਕਦੇ ਹਨ।

ਇਸ ਦੇ ਅੰਦਰ ਅਤੇ ਬਾਹਰ ਜਿੱਥੇ ਐਲ.ਈ.ਡੀ. ਰਾਹੀਂ ਆਡੀਓ ਵਿਜ਼ੁਅਲ ਤਰੀਕੇ ਨਾਲ ਪੰਜਾਬ ਦੀਆਂ ਵੇਖਣ ਯੋਗ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਇਸ ਦੇ ਅੰਦਰ ਲਿਟਰੇਚਰ ਅਤੇ ਤਸਵੀਰਾਂ ਰਾਹੀਂ ਵੀ ਪੰਜਾਬ ਦੀਆਂ ਦੇਖਣ ਯੋਗ ਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤੀਆਂ ਦੇ ਮੇਲੇ ਵਿੱਚ ਜਿੱਥੇ ਪਹੁੰਚ ਰਹੇ ਹਨ ਉੱਥੇ ਉਹ ਇਸ ਪ੍ਰਦਰਸ਼ਨੀ ਬੱਸ ਨੂੰ ਵੀ ਜਰੂਰ ਵੇਖਣ।