ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਜੋੜਨਾ ਲਾਜ਼ਮੀ: ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ

Fatehgarh Sahib Politics Punjab

ਫ਼ਤਹਿਗੜ੍ਹ ਸਾਹਿਬ, 23 ਮਾਰਚ 

ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨਾ ਵੀ ਲਾਜ਼ਮੀ ਹੈ ਤਾਂ ਜੋ ਉਹ ਆਪਣੇ ਅਮੀਰ ਵਿਰਸੇ ਤੋਂ ਪ੍ਰੇਰਨਾ ਲੈਂਦੇ ਰਹਿਣ ਅਤੇ ਨਸ਼ਿਆਂ ਸਮੇਤ ਹੋਰ ਅਲਾਮਤਾਂ ਤੋਂ ਬਚੇ ਰਹਿਣ। 

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਮਾਤਾ ਗੁਜਰੀ ਕਾਲਜ ਵਿਖੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ, ਸਰਹਿੰਦ ਵੱਲੋਂ ਜ਼ਿਲ੍ਹਾ ਪੁਲੀਸ ਦੇ ਸਹਿਯੋਗ ਨਾਲ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਰਵਾਏ ਸੰਗੀਤਕ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਵੱਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਜਿੱਥੇ ਸੀਨੀਅਰ ਸਿਟੀਜਨਜ਼ ਨੂੰ ਮਾਨਸਿਕ ਰੂਪ ਦੇ ਵਿੱਚ ਆਰਾਮ ਅਤੇ ਸਕੂਨ ਮਿਲਦਾ ਹੈ, ਉੱਥੇ ਨੌਜਵਾਨਾਂ ਨੂੰ ਵੀ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ-ਨਾਲ ਅਜਿਹੇ ਪ੍ਰੋਗਰਾਮਾਂ ਵਿੱਚ ਬਜ਼ੁਰਗ ਅਤੇ ਨੌਜਵਾਨ ਦੋਵੇਂ ਹੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਬਾਖੂਬੀ ਕਰ ਸਕਦੇ ਹਨ। 

ਸ਼੍ਰੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਦਿਨ-ਰਾਤ ਇੱਕ ਕਰ ਕੇ ਨਸ਼ਿਆਂ ਦੇ ਖਾਤਮੇ ਲਈ ਕੰਮ ਕਰ ਰਹੀ ਹੈ, ਉੱਥੇ ਆਮ ਲੋਕਾਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਸਹਿਯੋਗ ਦਿੱਤਾ ਜਾਣਾ ਲਾਜ਼ਮੀ ਹੈ। ਉਹਨਾਂ ਨੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਦੀ ਸਲਾਘਾ ਕਰਦਿਆਂ ਕਿਹਾ ਕਿ ਜਿੱਥੇ ਇਸ ਐਸੋਸੀਏਸ਼ਨ ਵੱਲੋਂ ਵੱਖ-ਵੱਖ ਉਪਰਾਲੇ ਕਰ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਵੀ ਵਡਮੁੱਲੇ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਨਾਲ ਨਸ਼ਿਆਂ ਨੂੰ ਨੱਥ ਪਾਉਣ ਵਿੱਚ ਮਦਦ ਮਿਲੇਗੀ। 

ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹੈ। ਖਾਸ ਤੌਰ ‘ਤੇ ਜੇਕਰ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪੁਲੀਸ ਵੱਲੋਂ ਉਹਨਾਂ ਦਿੱਕਤਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। 

ਇਸ ਮੌਕੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਦਾ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸੰਗੀਤਕ ਪ੍ਰੋਗਰਾਮ ਦੌਰਾਨ ਸਥਾਨਕ ਕਲਾਕਾਰਾਂ ਸਮੇਤ ਸੂਬੇ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚੋਂ ਆਏ ਕਲਾਕਾਰਾਂ ਵੱਲੋਂ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ ਅਤੇ ਇਹ ਪ੍ਰੋਗਰਾਮ ਅਨੇਕਾਂ ਅਮਿਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ। ਇਹ ਪ੍ਰੋਗਰਾਮ ਕਰਵਾਉਣ ਵਿੱਚ ਜ਼ਿਲ੍ਹੇ ਦੀਆਂ ਵੱਖੋ ਵੱਖ ਐਸੋਸੀਏਸ਼ਨਾਂ ਤੇ ਕਲੱਬਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ। 

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਆਰ.ਐਨ. ਸ਼ਰਮਾ, ਪ੍ਰੋਜੈਕਟ ਚੇਅਰਮੈਨ ਨਕੇਸ਼ ਜਿੰਦਲ ਸਮੇਤ ਐਸੋਸੀਏਸ਼ਨ ਦੇ ਵੱਖੋ-ਵੱਖ ਅਹੁਦੇਦਾਰ ਅਤੇ ਮੈਂਬਰ,ਪਤਵੰਤੇ ਅਤੇ ਵੱਡੀ ਗਿਣਤੀ ਬਜ਼ੁਰਗ ਅਤੇ ਨੌਜਵਾਨ ਹਾਜ਼ਰ ਸਨ।

Leave a Reply

Your email address will not be published. Required fields are marked *