ਜ਼ਮੀਨ ਦੀ ਸਿਹਤ ਸੁਧਾਰ ਲਈ ਮਿੱਟੀ ਦੀ ਪਰਖ ਜ਼ਰੂਰ ਕਰਵਾਓ:  ਮੁੱਖ ਖੇਤੀਬਾੜੀ ਅਫ਼ਸਰ

Punjab

ਸ੍ਰੀ ਮੁਕਤਸਰ ਸਾਹਿਬ, 05 ਜੂਨ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜ਼ਮੀਨ ਦੀ ਸਿਹਤ ਸੰਭਾਲ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸ੍ਰੀ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਮਿੱਟੀ ਪਾਣੀ ਪਰਖ ਕਰਵਾਉਣ ਤੇ ਜਮੀਨ ਵਿੱਚ ਉਪਲਬਧ ਜੈਵਿਕ ਕਾਰਬਨ ਅਤੇ ਹੋਰ ਉਪਲਬਧ ਤੱਤਾਂ ਦੇ ਨਾਲ-ਨਾਲ ਜਮੀਨ ਦੇ ਤੇਜਾਬੀਪਨ/ਖਾਰੇਪਨ ਅਤੇ ਲੂਣਾਂ ਦੀ ਮਾਤਰਾ ਬਾਰੇ ਵੀ ਪਤਾ ਲੱਗਦਾ ਹੈ।

ਉਨ੍ਹਾਂ ਦੱਸਿਆ ਕਿ ਮਿੱਟੀ ਦੀ ਪਰਖ ਉਪਰੰਤ ਖੁਰਾਕੀ ਤੱਤਾਂ ਦੇ ਅਧਾਰ ’ਤੇ ਜਮੀਨਾਂ ਨੂੰ ਘੱਟ, ਦਰਿਮਿਆਨੀ ਅਤੇ ਜਿਆਦਾ ਸ਼ੇਣੀਆਂ ਵਿੱਚ ਵੰਡਿਆਂ ਜਾਂਦਾ ਹੈ। ਫਸਲ ਅਤੇ ਫਸਲੀ ਚੱਕਰ ਦੇ ਅਧਾਰ ’ਤੇ ਹੀ ਹਰ ਸ੍ਰੇਣੀ ਲਈ ਖਾਦਾਂ ਦੀਆਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਮਨੁੱਖੀ ਸਿਹਤ ਲਈ ਹੈਲਥ ਕਾਰਡ ਜਰੂਰੀ ਹਨ ਉਸੇ ਤਰ੍ਹਾਂ ਮਿੱਟੀ ਦੀ ਸਿਹਤ ਲਈ ਮਿੱਟੀ ਸਿਹਤ ਕਾਰਡ ਜਰੂਰੀ ਹਨ। ਇਸ ਕਾਰਡ ਦੇ ਅਧਾਰ ’ਤੇ ਹੀ ਲੋੜੀਦੀਆਂ ਖਾਦਾਂ ਦੀ ਵਰਤੋ ਕਰਕੇ ਖੇਤੀ ਖਰਚੇ ਘਟਾਏ ਜਾ ਸਕਦੇ ਹਨ। ਇਸ ਲਈ ਮਿੱਟੀ ਪਰਖ ਕਰਾਉਣਾ ਬਹੁਤ ਜਰੂਰੀ ਹੈ।

ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਲਈ ਮਿੱਟੀ ਦਾ ਸੈਪਲ ਲੈਣ ਲਈ ਧਰਤੀ ਦੀ ਸਤ੍ਹਾਂ ਤੋ ਘਾਹ-ਫੂਸ ਹਟਾਉਣ ਤੋਂ ਬਾਅਦ ਖੁਰਪੇ ਜਾਂ ਕਹੀ ਨਾਲ ਅੰਗਰੇਜੀ ਦੇ ਅੱਖਰ ‘V’ ਵਾਂਗ 6 ਇੰਚ ਡੂੰਘਾ ਕੱਟ ਲਗਾਉਣ। ਇਸ ਟੱਕ ਦੇ ਇੱਕ ਪਾਸਿਓ ਲੱਗਭਗ 1 ਇੰਚ ਮੋਟੀ ਤਹਿ ਉਤਾਰ ਲਓ। ਜੇ ਖੇਤ ਇਕੋ ਜਿਹਾ ਹੋਵੇ ਤਾਂ ਇੱਕ ਖੇਤ ਵਿੱਚੋ 7 ਤੋ 8 ਥਾਵਾਂ ਤੋ ਇਸ ਤਰ੍ਹਾਂ ਦੇ ਮਿੱਟੀ ਦੇ ਨਮੂਨੇ ਲਓ। ਇਸ ਮਿੱਟੀ ਨੂੰ ਸਾਫ ਬਾਲਟੀ, ਤਸਲੇ ਜਾਂ ਕੱਪੜੇ ’ਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਵਿੱਚੋ ਲਗਭੱਗ ਅੱਧਾ ਕਿਲੋ ਮਿੱਟੀ ਲੈ ਕੇ ਸਾਫ ਕੱਪੜੇ ਦੀ ਥੈਲੀ ਵਿੱਚ ਪਾ ਲਓ ਅਤੇ ਖੇਤ ਨੰਬਰ, ਕਿਸਾਨ ਦਾ ਨਾਮ, ਪਤਾ ਅਤੇ ਮਿਤੀ ਦਰਜ ਕਰ ਦਿਓ।

ਇਸ ਤਰ੍ਹਾਂ ਮਿੱਟੀ ਦਾ ਸੈਪਲ ਲੈਣ ਉਪਰੰਤ ਸੈਂਪਲ ਖੇਤੀਬਾੜੀ ਦਫਤਰ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਸ਼੍ਰੀ ਮੁਕਤਸਰ ਸਾਹਿਬ ਜਾਂ ਗਿੱਦੜ੍ਹਬਾਹਾ ਵਿਖੇ ਜਮਾਂ ਕਰਵਾ ਸਕਦੇ ਹਨ। ਮਿੱਟੀ ਪਰਖ ਦੇ ਸੈਪਲਾਂ ਸਬੰਧੀ ਖੇਤੀਬਾੜੀ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 12500 ਸੈਪਲਾਂ ਦਾ ਟੀਚਾ ਪ੍ਰਾਪਤ ਹੋਇਆ ਹੈ।

                                ਇਹ ਸੈਪਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋ ਇੱਕਤਰ ਕੀਤੇ ਜਾ ਰਹੇ ਹਨ। ਇਸੇ ਤਰਾਂ ਕਿਸਾਨ ਆਪਣੇ ਪੱਧਰ ਤੇ ਵੀ ਮਿੱਟੀ ਦੇ ਸੈਂਪਲ ਇੱਕਤਰ ਕਰਕੇ ਵਿਭਾਗ ਦੀਆਂ ਮਿੱਟੀ ਪਰਖ ਪ੍ਰਯੋਗਸ਼ਾਲਾਂਵਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ।