ਸ੍ਰੀ ਮੁਕਤਸਰ ਸਾਹਿਬ 28 ਜੂਨ
ਪੰਜਾਬ ਸਰਕਾਰ ਵੱਲੋਂ ਜ਼ਮੀਨਦੋਜ ਪਾਣੀ ਨੂੰ ਬਚਾਉਣ ਲਈ ਪੰਜਾਬ ਰਾਜ ਵਿੱਚ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਡੇ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਰਕਾਰ ਵੱਲੋਂ 1500/-ਰੁ: ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੋਰਟਲ ਤੇ ਰਜਿਸਟਰਡ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਸ: ਗੁਰਨਾਮ ਸਿੰਘ ਨੇ ਦੱਸਿਆ ਕਿ ਜਿਲ੍ਹੇ ਅੰਦਰ 28 ਜੂਨ 2024 ਤੱਕ ਅੰਦਾਜਨ 54100 ਏਕੜ ਰਕਬੇ ਵਿੱਚ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਹੋ ਚੁੱਕੀ ਹੈ।
ਪਿਛਲੇ ਦਿਨੀ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਗੁਰਨਾਮ ਸਿੰਘ ਅਤੇ ਖੇਤੀ ਮਾਹਿਰਾਂ ਵੱਲੋ ਮੁਕਤਸਰ ਦਿਹਾਤੀ ਦੇ ਕਿਸਾਨ ਸ਼੍ਰੀ ਬਲਜਿੰਦਰ ਸਿੰਘ ਪੁੱਤਰ ਸ਼੍ਰੀ ਦਰਸ਼ਨ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ। ਕਿਸਾਨ ਵੱਲੋ ਦੱਸਿਆ ਗਿਆ ਕਿ ਉਸਨੇ ਪਿਛਲੇ ਸਾਲ 20 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਜਿਸ ਨਾਲ ਕਿਸਾਨ ਨੂੰ ਰਿਵਾਇਤੀ ਲਵਾਈ ਨਾਲੋ ਜਿਆਦਾ ਮੁਨਾਫਾ ਹੋਇਆ। ਜਿਸ ਤੋ ਪ੍ਰੇਰਿਤ ਹੋ ਕੇ ਕਿਸਾਨ ਨੇ ਇਸ ਸਾਲ 45 ਏਕੜ ਰਕਬੇ ਵਿੱਚ ਝੋਨੇਂ/ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਹੈ।
ਕਿਸਾਨ ਨੇ ਦੱਸਿਆ ਕਿ ਜਿੱਥੇ ਸਿੱਧੀ ਬਿਜਾਈ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਸਿੱਧੀ ਬਿਜਾਈ ਕਰਨ ਨਾਲ ਫਸਲ ਉਪਰ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਰਿਵਾਇਤੀ ਤਰੀਕੇ ਨਾਲ ਲਵਾਈ ਨਾਲੋ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਕਿਸਾਨ ਵੱਲੋ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋ ਸਿੱਧੀ ਬਿਜਾਈ ਤੇ ਦਿੱਤੀ ਗਈ ਪ੍ਰੋਤਸਾਹਨ ਰਾਸ਼ੀ ਵੀ ਉਸਨੂੰ ਪ੍ਰਾਪਤ ਹੋਈ ਸੀ।
ਇਸ ਸਮੇਂ ਮੁੱਖ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਆਪਣੇ ਵੇਰਵੇ ਪੰਜਾਬ ਸਰਕਾਰ ਵੱਲੋ ਝੋਨੇਂ ਦੀ ਸਿੱਧੀ ਬਿਜਾਈ ਲਈ ਤਿਆਰ ਕੀਤੇ ਪੋਰਟਲ https://agrisubsidy.agrimachinerypb.com/#/dsr-registration ਤੇ 30 ਜੂਨ 2024 ਤੱਕ ਦਰਜ਼ ਕਰਵਾ ਲੈਣ, ਤਾਂ ਜੋ ਉਨ੍ਹਾਂ ਨੂੰ 1500/-ਰੁ: ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਸਕੀਮ ਦਾ ਲਾਭ ਲੈਣ ਲਈ ਇਹ ਵੇਰਵੇ ਆਨਲਾਈਨ ਪੋਰਟਲ ਤੇ ਦਰਜ਼ ਕਰਵਾਉਣੇ ਲਾਜ਼ਮੀ ਹਨ।
ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਤੇ 1500 ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ 30 ਜੂਨ ਤੱਕ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ – ਮੁੱਖ ਖੇਤੀਬਾੜੀ ਅਫਸਰ


