ਫਾਜਿਲਕਾ 17 ਜੂਨ 2024…
ਗਰਮੀ ਦੇ ਵੱਧ ਰਹੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਫਾਜਿਲਕਾ ਡਾ. ਚੰਦਰ ਸ਼ੇਖਰ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀਆਂ ਹਨ। ਜ਼ਿਆਦਾ ਗਰਮੀ ਹੋਣ ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ। ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਆਮ ਤੌਰ ਤੇ ਲੋਕ ਇਸਨੂੰ ਹਲਕੇ ਵਿਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂਅ ਲੱਗ ਹੀ ਨਹੀਂ ਸਕਦੀ, ਪਰੰਤੂ ਇੱਕ ਰਿਪੋਰਟ ਦੇ ਅਨੁਸਾਰ ਲੂਅ ਲੱਗਣਾ (ਹੀਟ ਸਟਰੋਕ) ਬਹੁਤ ਖਤਰਨਾਕ ਬੀਮਾਰੀ ਹੈ। ਬੱਚਿਆਂ ਅਤੇ ਬਜੁਰਗਾਂ, ਗਰਭਵਤੀ ਔਰਤਾਂ, ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ ਤੇ ਕੁਝ ਵਿਸ਼ੇਸ਼ ਦਵਾਈਆਂ, ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖੂਨ ਦੀਆਂ ਨਾੜੀਆਂ ਤੇ ਅਸਰ ਪੈਂਦਾ ਹੈ ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦਾ ਜਿਆਦਾ ਖਤਰਾ ਹੁੰਦਾ ਹੈ। ਇਸ ਦੇ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਅਤੇ ਬੇਘਰ ਹੋ ਕੇ ਸੜਕਾਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਰਹਿਣ ਵਾਲੇ ਲੋਕ ਇਸ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ।
ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਏਰੀਆ ਵਿੱਚ ਸਿਹਤ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਲੂਅ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਗਰਮੀ ਜਾਂ ਲੂਅ ਲੱਗਣ ਦੇ ਲੱਛਣ ਜਿਵੇਂ ਕਿ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਗੱਲ ਸਮਝਣ ਵਿਚ ਮੁਸ਼ਕਲ ਆਉਣੀ, ਚਿੜਚਿੜਾਪਣ, ਜੁਬਾਨ ਦਾ ਲੜਖੜਾਉਣਾ, ਤੁਰਨ ਸਮੇਂ ਲੜਖੜਾਉਣਾ, ਦੌਰਾ ਪੈਣਾ, ਬੇਚੈਨੀ, ਘਬਰਾਹਟ, ਹਲਕਾ ਜਾਂ ਤੇਜ਼ ਬੁਖਾਰ, ਜੀਅ ਖਰਾਬ ਹੋਣਾ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਦ ਤੇ ਉਲਟੀਆਂ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਗਰਮੀ ਕਰਕੇ ਪਿੱਤ ਦਾ ਹੋਣਾ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਮਾਸ਼ ਪੇਸ਼ੀਆਂ ਵਿੱਚ ਦਰਦ, ਲਾਲ, ਗਰਮ ਅਤੇ ਖੁਸ਼ਕ ਚਮੜੀ ਆਦਿ ਹਨ। ਉਨ੍ਹਾਂ ਦੱਸਿਆ ਕਿ ਲੂ ਲੱਗਣ ਵਿੱਚ ਮਰੀਜ਼ ਨੂੰ ਪਸੀਨਾ ਆਉਂਦੇ ਰਹਿਣਾ ਇੱਕ ਵਧੀਆ ਲੱਛਣ ਹੈ, ਇਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਬੁਖਾਰ, ਜੋ 40 ਡਿਗਰੀ ਸੈਲਸੀਅਸ ਜਾਂ 104-105 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੋਵੇ, ਸਰੀਰ ਦੇ ਗਰਮ ਹੋਣ ਉੱਤੇ ਪਸੀਨਾ ਆਉਣਾ ਬੰਦ ਹੋ ਜਾਵੇ ਅਤੇ ਚਮੜੀ ਰੁੱਖੀ ਰੁੱਖੀ ਹੋ ਜਾਵੇ, ਮਰੀਜ਼ ਦਾ ਬੇਹੋਸ਼ ਹੋ ਜਾਣਾ, ਘਬਰਾਹਟ ਹੋਣਾ ਖ਼ਤਰਨਾਕ ਸਥਿਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਲੂਅ ਦੇ ਲੱਛਣ ਨਜ਼ਰ ਆਉਣ ਤੇ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਵਿਅਕਤੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ, ਵਿਅਕਤੀ ਨੂੰ ਪੀਣ ਲਈ ਤਰਲ ਪਦਾਰਥ ਦਿੱਤਾ ਜਾਵੇ, ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਦੇ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ, ਠੰਡੇ ਪਾਣੀ ਨਾਲ ਭਰੇ ਬਾਥ ਟੱਬ ਵਿੱਚ ਮਰੀਜ਼ ਨੂੰ ਗਲੇ ਤੱਕ ਲਿਟਾਇਆ ਜਾ ਸਕਦਾ ਹੈ, ਬੁਖਾਰ ਨੂੰ ਘੱਟ ਕਰਨ ਲਈ ਡਾਕਟਰ ਦੀ ਸਲਾਹ ਤੋਂ ਬਿਨ੍ਹਾ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ, ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਕੇ ਜਾਇਆ ਜਾਵੇ। ਉਨ੍ਹਾਂ ਦੱਸਿਆ ਕਿ ਗਰਮੀ ਚ ਲੂਅ ਤੋਂ ਬਚਣ ਲਈ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ। ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ, ਤਰਲ ਪਦਾਰਥਾਂ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ, ਓ.ਆਰ.ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ । ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਬਹੁਤ ਜ਼ਿਆਦਾ ਜ਼ਰੂਰੀ ਹੋਣ ਤੇ ਹੀ ਨਿਕਲਿਆ ਜਾਵੇ । ਉਨ੍ਹਾਂ ਦੱਸਿਆ ਕਿ ਗਰਮੀ ਵਿੱਚ ਖਾਲੀ ਪੇਟ ਘਰੋਂ ਬਾਹਰ ਨਾ ਨਿਕਲਿਆ ਜਾਵੇ,ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕੀਤਾ ਜਾਵੇ, ਕੁਲਰ ਜਾਂ ਏ.ਸੀ. ਵਾਲੇ ਕਮਰੇ ਵਿੱਚ ਬੈਠਣ ਤੋਂ ਬਾਅਦ ਇੱਕ ਦਮ ਧੁੱਪ ਵਿੱਚ ਨਾ ਨਿਕਲਿਆ ਜਾਵੇ, ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।
ਇਸ ਮੌਕੇ ਡਾ. ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੌਲੋਜਿਸਟ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਲੂਅ ਤੋਂ ਬਚਣ ਲਈ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਮਲ ਵਿੱਚ ਲਿਆ ਕੇ ਘਰ ਵਿੱਚ ਰਿਹਾ ਜਾਵੇ ਅਤੇ ਬਹੁਤ ਜ਼ਰੂਰੀ ਕੰਮ ਲਈਹੀ ਬਾਹਰ ਜਾਇਆ ਜਾਵੇ।