ਮਾਨਸਾ, 24 ਅਪ੍ਰੈਲ:
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸ੍ਰ. ਜਸਵੰਤ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ), ਸ੍ਰੀ ਧਰਮਪਾਲ ਵੱਲੋਂ ਨਰਮੇ ਦੀ ਬਿਜਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸਮੂਹ ਖੇਤੀਬਾੜੀ ਅਫ਼ਸਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਸ਼ਾਮਲ ਹੋਏ।
ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਧਰਮਪਾਲ ਨੇ ਅਧਿਕਾਰੀਆਂ ਪਾਸੋਂ ਨਰਮੇ ਦੀ ਫਸਲ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਮੂਹ ਜਿਨਿੰਗ ਫੈਕਟਰੀਆਂ ਵਿੱਚ ਜੇਕਰ ਜ਼ਰੂਰਤ ਹੋਵੇ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਨਾਲ ਫਿਊਮੀਗੇਸ਼ਨ ਕਰਵਾਈ ਜਾਵੇ ਅਤੇ ਰਹਿੰਦ—ਖੂੰਹਦ ਨੂੰ ਨਸ਼ਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਅਧੀਨ ਸਟਾਫ ਨੂੰ ਨਰਮੇ ਵਾਲੇ ਪਿੰਡਾਂ ਦੀ ਵੰਡ ਕੀਤੀ ਜਾਵੇ ਅਤੇ ਹਰ ਅਧਿਕਾਰੀ/ਕਰਮਚਾਰੀ ਵੱਲੋਂ ਪਿੰਡ ਵਾਰ ਕੀਤੇ ਗਏ ਉਪਰਾਲਿਆਂ ਸਬੰਧੀ ਰਜਿਸਟਰ ਮੇਨਟੇਨ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਨਰਮੇ ਦੀ ਸਮੇਂ ਸਿਰ ਬਿਜਾਈ ਵਾਸਤੇ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਲਈ ਸਬੰਧਤ ਵਿਭਾਗ ਨਾਲ ਤਾਲਮੇਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਿਲ੍ਹੇ ਨੂੰ ਅਲਾਟ 34 ਹਜ਼ਾਰ ਹੈਕਟੇਅਰ ਦੇ ਟੀਚੇ ਨੂੰ ਹਰ ਹਾਲਤ ਵਿੱਚ ਪੂਰਾ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਬਲਾਕ ਖੇਤੀਬਾੜੀ ਅਫਸਰ, ਮਾਨਸਾ, ਸ੍ਰੀ ਮਨੋਜ਼ ਕੁਮਾਰ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ, ਮਾਨਸਾ ਅਤੇ ਝੁਨੀਰ ਵਿੱਚ ਨਰਮੇ ਦੀਆਂ ਛਟੀਆਂ ਦਾ ਮੁਕੰਮਲ ਪ੍ਰਬੰਧਨ ਕਰਵਾਇਆ ਜਾ ਚੁੱਕਾ ਹੈ ਅਤੇ ਇਨ੍ਹਾਂ ਬਲਾਕਾਂ ਵਿੱਚ ਮੌਜੂਦ ਜਿਨਿੰਗ ਫੈਕਟਰੀਆਂ ਅਤੇ ਤੇਲ ਮਿੱਲਾਂ ਵਿੱਚ ਫਿਊਮੀਗੇਸ਼ਨ ਦਾ ਕੰਮ ਵੀ ਕਰਵਾ ਦਿੱਤਾ ਗਿਆ ਹੈ। ਖੇਤੀਬਾੜੀ ਅਫਸਰ, ਸ੍ਰੀ ਹਰਵਿੰਦਰ ਸਿੰਘ ਨੇ ਬਲਾਕ ਭੀਖੀ ਅਤੇ ਬੁਢਲਾਡਾ ਵਿੱਚ ਛਟੀਆਂ ਦੇ ਪ੍ਰਬੰਧਨ ਅਤੇ ਫਿਊਮੀਗੇਸ਼ਨ ਦਾ ਕੰਮ ਪੂਰਾ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਜ਼ਿਲ੍ਹੇ ਅੰਦਰ ਵੱਖ—ਵੱਖ ਵਿਭਾਗਾਂ ਦੇ ਸਹਿਯੋਗ ਨਾਲ ਨਦੀਨ ਨਸ਼ਟ ਕਰਨ ਲਈ ਮੁਹਿੰਮ ਚਲਾਈ ਗਈ ਅਤੇ ਨਦੀਨਾਂ ਦਾ ਖਾਤਮਾ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਨਰਮੇ ਦੇ ਬੀਜ ਦੀ ਜ਼ਰੂਰਤ ਅਨੁਸਾਰ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਬੀਜ ਕੰਪਨੀਆਂ ਅਤੇ ਬੀਜ ਡੀਲਰਾਂ ਨਾਲ ਮੀਟਿੰਗਾਂ ਕਰਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਉਪਰੰਤ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਧਰਮਪਾਲ ਵੱਲੋਂ ਪਿੰਡ ਮਲਕਪੁਰ ਖਿਆਲਾ ਦੇ ਕਿਸਾਨ ਸ੍ਰੀ ਹਰਦੀਪ ਸਿੰਘ ਦੇ ਖੇਤ ਵਿੱਚ ਬੀਜੀ ਗਈ ਨਰਮੇ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕ੍ਰਿਸ਼ਨਾ ਇੰਡਸਟਰੀਜ਼ ਅਤੇ ਕਾਟਨ ਮਿੱਲ ਮਾਨਸਾ ਵਿਖੇ ਵਿਜ਼ਟ ਕਰਦਿਆਂ ਮਿੱਲ ਵਿੱਚ ਕੀਤੀ ਗਈ ਫਿਊਮੀਗੇਸ਼ਨ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ।