ਫਾਜ਼ਿਲਕਾ 30 ਜੁਲਾਈ 2024:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹੇ ਨੂੰ ਹਰਿਆ-ਭਰਿਆ ਤੇ ਸੁੰਦਰ ਬਣਾਉਣ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਅਧੀਨ ਆਉਂਦੀਆਂ ਸਰਕਾਰੀ/ ਗ਼ੈਰ ਸਰਕਾਰੀ ਜ਼ਮੀਨਾਂ ’ਤੇ 12 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਤੇ ਬੀਤੇ ਦਿਨ ਤੱਕ ਜ਼ਿਲ੍ਹੇ ਵਿੱਚ 7 ਲੱਖ 67 ਹਜ਼ਾਰ 719 ਪੌਦੇ ਲੱਗ ਚੁੱਕੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਪੌਦੇ ਲਗਾਉਣ ਲਈ ਚਲਾਈ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੱਖੀ ਬੈਠਕ ਮੌਕੇ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਪੌਦੇ ਲਗਾਉਣ ਦਾ ਮਿੱਥਿਆ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਸਮਾਂਬੱਧ ਅਤੇ ਉਨ੍ਹਾਂ ਦੇ ਟੀਚੇ ਮੁਤਾਬਿਕ ਪੌਦੇ ਮੁਹੱਈਆ ਕਰਵਾ ਦਿੱਤੇ ਜਾਣ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜੰਗਲਾਤ ਵਿਭਾਗ ਵੱਲੋਂ 1 ਲੱਖ 87 ਹਜ਼ਾਰ 560, ਕਿਸਾਨਾਂ ਵੱਲੋਂ ਖੇਤਾਂ ਵਿੱਚ 53 ਹਜ਼ਾਰ 414 ਪੌਦੇ, ਐੱਨ.ਜੀ.ਓਜ਼ ਵੱਲੋਂ 41 ਹਜ਼ਾਰ 288, ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ 2 ਲੱਖ 99 ਹਜ਼ਾਰ 228, ਪੈਟਰੋਲ ਪੰਪਾਂ ਤੇ 6210, ਸਕੂਲਾਂ ਵਿੱਚ 47 ਹਜ਼ਾਰ 993 ਅਤੇ ਵੱਖ-ਵੱਖ ਵਿਭਾਗਾਂ ਵੱਲੋਂ 1 ਲੱਖ 32 ਹਜ਼ਾਰ 026 ਮੁਫਤ ਪੌਦੇ ਲਗਾਏ ਜਾ ਚੁੱਕੇ ਹਨ। ਪਰ ਇਸ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤੇ ਜੇਕਰ ਵਿਭਾਗੀ ਅਧਿਕਾਰੀਆਂ ਨੂੰ ਕੋਈ ਵੀ ਪੌਦੇ ਲਗਾਉਣ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਢਿੱਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਮੀਆਂਵਾਕੀ ਤਕਨੀਕ ਨਾਲ ਮਿੰਨੀ ਜੰਗਲ ਸਥਾਪਿਤ ਕਰਨ ਲਈ 40 ਏਕੜ ਤੋਂ ਜ਼ਿਆਦਾ ਜਮੀਨ ਤਿਆਰ ਕੀਤੀ ਜਾ ਰਹੀ ਹੈ ਤੇ ਇੱਕ ਏਕੜ ਵਿੱਚ ਵੱਖ-ਵੱਖ ਨਸਲਾਂ ਦੇ ਲਗਭਗ 9500 ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬੂਟੇ ਨਰੇਗਾ ਰਾਹੀਂ ਤਿਆਰ ਕੀਤੇ ਗਏ ਹਨ ਤੇ ਕੋਈ ਵੀ ਜ਼ਿਲ੍ਹਾ ਵਾਸੀ ਨਰੇਗਾ ਤਹਿਤ ਤਿਆਰ ਕੀਤੇ ਪੌਦਿਆਂ ਦੀਆਂ ਨਰਸਰੀਆਂ ਤੋਂ ਮੁਫਤ ਪੌਦੇ ਪ੍ਰਾਪਤ ਕਰਕੇ ਆਪਣੇ ਘਰ, ਖੇਤ ਜਾਂ ਪਿੰਡ, ਸ਼ਹਿਰ ਵਿੱਚ ਲਗਾ ਸਕਦਾ ਹੈ। ਪੌਦੇ ਲੈਣ ਮੌਕੇ ਆਪਣੇ ਆਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਜਾਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਆ ਰਹੇ ਹਨ ਅਤੇ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਵੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ ਦਾ ਸਮੇਂ-ਸਮੇਂ ਉੱਤੇ ਧਿਆਨ ਵੀ ਰੱਖਣ ਤਾਂ ਜੋ ਪੌਦੇ ਦੀ ਸਹੀ ਦੇਖਭਾਲ ਹੁੰਦੀ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨ ਰਾਕੇਸ਼ ਕੁਮਾਰ ਪੋਪਲੀ, ਐਸ.ਡੀ.ਐਮ. ਵਿਪਨ ਭੰਡਾਰੀ, ਐਸ.ਡੀ.ਐਮ. ਪੰਕਜ ਬਾਂਸਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਸਤੀਸ਼ ਕੁਮਾਰ, ਡਿਪਟੀ ਡੀ.ਈ.ਓ ਪੰਕਜ ਅੰਗੀ, ਤਹਿਸੀਲ ਭਲਾਈ ਅਫਸਰ ਅਸ਼ੋਕ ਕੁਮਾਰ, ਵਿਜੈ ਪਾਲ, ਗੁਰਛਿੰਦਰ ਪਾਲ ਸਿੰਘ ਸਮੇਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।