ਜਿਲ੍ਹੇ ਵਿੱਚ ਹੁਣ ਤੱਕ 517865 ਮੀਟਰਿਕ ਟਨ ਕਣਕ ਦੀ ਹੋਈ ਆਮਦ – ਡਿਪਟੀ ਕਮਿਸ਼ਨਰ

Amritsar

 ਅੰਮ੍ਰਿਤਸਰ, 4 ਮਈ 2024 (         )- ਜਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਪੂਰੇ ਜੋਰਾਂ  ਨਾਲ ਚੱਲ ਰਹੀ ਹੈ। ਜਿਲਾ ਅੰਮ੍ਰਿਤਸਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆ ਰਹੀ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਡੀਆਂ ਵਿੱਚ ਪੂਰੇ ਇੰਤਜਾਮ ਕੀਤੇ ਗਏ ਹਨ।

ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਿਰਦੇਸ਼ ਦਿੱਤੇ ਕਿ ਕਣਕ ਦੀ ਲਿਫਟਿੰਗ ਵਿੱਚ ਹੋਰ ਤੇਜੀ ਲਿਆਂਦੀ ਜਾਵੇ।  ਉਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੀਆਂ ਮੰਡੀਆਂ ਵਿੱਚ 517865 ਮੀਟਿਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ 918.41 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।  ਉਨਾਂ ਦੱਸਿਆ ਕਿ ਅਦਾਇਗੀ ਖਰੀਦ ਏਜੰਸੀ ਪੰਜਾਬ ਸਟੇਟ ਵੇਅਰ ਹਾਊਸ ਵਲੋਂ 62962 ਮੀਟਰਿਕ ਟਨ ਕਣਕ ਦੀ ਖਰੀਦ ਕਰਕੇ 148.76 ਕਰੋੜ ਰੁਪਏ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਅਤੇ ਇਸੇ ਤਰ੍ਹਾਂ ਹੀ ਪਨਗਰੇਨ ਏਜੰਸੀ ਵਲੋਂ 114152 ਮੀਟਰਿਕ ਟਨ ਕਣਕ ਦੀ ਖਰੀਦ ਕਰਕੇ 276.52 ਕਰੋੜ ਰੁਪਏ , ਮਾਰਕਫੈਡ ਵਲੋਂ 104875 ਮੀਟਰਿਕ ਟਨ ਕਣਕ ਦੀ ਖਰੀਦ ਕਰਕੇ 241.58 ਕਰੋੜ ਰੁਪਏ, ਪਨਸਪ ਵਲੋਂ 90156 ਮੀਟਰਿਕ ਟਨ ਕਣਕ ਦੀ ਖਰੀਦ ਕਰਕੇ 208.55 ਕਰੋੜ ਰੁਪਏ ਅਤੇ  ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ 19862 ਮੀਟਰਿਕ ਟਨ ਕਣਕ ਦੀ ਖਰੀਦ ਕਰਕੇ 43 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ।

 ਉਹਨਾਂ  ਦੱਸਿਆ ਕਿ ਪਿਛਲੇ 48 ਘੰਟਿਆਂ ਦੌਰਾਨ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਪੇਮੈਂਟ ਵੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਸਾਰੀਆਂ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਸਮੇਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾ ਰਹੀ ਹੈ ।ਡਿਪਟੀ ਕਮਿਸ਼ਨਰ ਨੇ  ਅਧਿਕਾਰੀਆਂ ਨੂੰ ਕਿਹਾ ਕਿ ਉਹ ਖੁਦ ਮੰਡੀਆਂ ਵਿੱਚ ਲਿਫਟਿੰਗ ਦੇ ਕੰਮਾਂ ਦਾ ਧਿਆਨ ਰੱਖਣ ਅਤੇ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜੀ ਲਿਆਂਦੀ ਜਾਵੇ।

 ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਸਰਤਾਜ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਕਣਕ ਦਾ ਸੀਜ਼ਨ ਪੂਰੇ ਰਾਜ ਵਿਚ ਸਭ ਤੋਂ ਦੇਰੀ ਨਾਲ ਸ਼ੁਰੂ ਹੁੰਦਾ ਹੈ, ਪਰ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਬਦੌਲਤ ਸਾਡੀ ਤਿਆਰੀ ਰਾਜ ਦੇ ਬਰਾਬਰ ਹੀ ਸੀ, ਜਿਸ ਸਦਕਾ ਅਸੀਂ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ-ਨਾਲ ਕਰਨ ਉਤੇ ਪਹੁੰਚ ਗਏ  ਹਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਭਵਿੱਖ ਵਿਚ ਵੀ ਅਸੀਂ ਕਣਕ ਦੀ ਚੁਕਾਈ 72 ਘੰਟਿਆਂ ਤੋਂ ਪਹਿਲਾਂ ਕਰਨ ਦੀ ਹੈ ਅਤੇ ਇਸ ਲਈ ਸਾਡੀ ਪੂਰੀ ਤਿਆਰੀ ਹੈ, ਜਿਸ ਨਾਲ ਮੰਡੀਆਂ ਵਿਚ ਕਣਕ ਰੱਖਣ ਲਈ ਥਾਂ ਦੀ ਕਮੀ ਨਹੀਂ ਆਵੇਗੀ ਅਤੇ ਨਾਲ ਹੀ ਕਣਕ ਦੀ ਕੁਆਲਟੀ ਪੱਧਰ ਵੀ ਮੀਂਹ-ਕਣੀ ਤੋਂ ਬਚ ਜਾਣ ਕਾਰਨ ਵਧੀਆ ਰਹੇਗਾ। 

 ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਕਣਕ ਦੀ ਖਰੀਦ ਬਾਬਤ ਰੋਜ਼ਾਨਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਅਤੇ ਹਰੇਕ ਐਸ ਡੀ ਐਮ ਨੂੰ ਰੋਜ਼ਾਨਾ ਆਪਣੇ ਹਲਕੇ ਦੀਆਂ ਮੰਡੀਆਂ ਦੀ ਸਾਰ ਲੈਣ ਦੀ ਹਦਾਇਤ ਕੀਤੀ ਗਈ ਹੈ।  ਇਸ ਮੀਟਿੰਗ ਵਿੱਚ ਜਿਲ੍ਹਾ ਮੰਤੀ ਅਫ਼ਸਰ ਸ: ਅਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।