ਐੱਨਸੀਸੀ ਗਰੁੱਪ ਜਲੰਧਰ ਦੀਆਂ ਛੇ ਬਟਾਲੀਅਨਾਂ ਵਿੱਚ ‘ਏ’ ਸਰਟੀਫਿਕੇਟ ਪ੍ਰੀਖਿਆਵਾਂ ਲਈਆਂ ਗਈਆਂ ਜਿਸ ਵਿੱਚ ਤਿੰਨ ਹਜ਼ਾਰ ਤੋਂ ਵੱਧ ਸਕੂਲ ਕੈਡਿਟਾਂ ਨੇ ਭਾਗ ਲਿਆ। ਇਸ ਬਾਰੇ ਵਿਸਥਾਰ ਪੂਰਵਕ ਦੱਸਦਿਆਂ ਕਰਨਲ ਵਿਨੋਦ ਜੋਸ਼ੀ, 2 ਪੰਜਾਬ ਐੱਨਸੀਸੀ ਬਟਾਲੀਅਨ, ਕਮਾਂਡਿੰਗ ਅਫ਼ਸਰ ਨੇ ਦੱਸਿਆ ਇਹ ਪ੍ਰੀਖਿਆਵਾਂ ਜਲੰਧਰ, ਫਗਵਾੜਾ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ 15 ਪ੍ਰੀਖਿਆ ਕੇਂਦਰਾਂ ਵਿੱਚ ਲਈਆਂ ਗਈਆਂ ਜਿਸ ਵਿੱਚ ਕਰੀਬ 100 ਸਕੂਲਾਂ ਦੇ ਕੈਡਿਟਾਂ ਨੇ ਭਾਗ ਲਿਆ। ਐੱਨਸੀਸੀ ਦਾ ‘ਏ’ਸਰਟੀਫਿਕੇਟ ਦੁਨੀਆ ਦੇ ਨੌਜਵਾਨਾਂ ਦੀ ਸਭ ਤੋਂ ਵੱਡੇ ਵਰਦੀ ਸੰਗਠਨ ਦੀ ਪਹਿਲੀ ਪ੍ਰੀਖਿਆ ਹੈ। ਦੋ ਸਾਲਾਂ ਦੀ ਐੱਨਸੀਸੀ ਸਿਖਲਾਈ ਵਿੱਚ ਦਸ ਦਿਨਾਂ ਦਾ ਕੈਂਪ ਲਾਜ਼ਮੀ ਹੈ ਤਾਂ ਹੀ ਕੈਡੇਟ ‘ਏ’ ਸਰਟੀਫਿਕੇਟ ਪ੍ਰੀਖਿਆ ਲਈ ਬੈਠ ਸਕਦੇ ਹਨ। ਕਰਨਲ ਜੋਸ਼ੀ ਨੇ ਅੱਗੇ ਦੱਸਦਿਆਂ ਕਿਹਾ ਕਿ 2 ਪੰਜਾਬ ਐੱਨ.ਸੀ.ਸੀ. ਬਟਾਲੀਅਨ ਜਲੰਧਰ ਦੇ 600 ਕੈਡਿਟਾਂ ਨੇ ਐੱਨਸੀਸੀ ਪ੍ਰੀਖਿਆਵਾਂ ਵਿੱਚ ਹਿੱਸਾ ਲਿਆ। ਲਾਇਲਪੁਰ ਖਾਲਸਾ ਕਾਲਜ ਵਿੱਚ 578 ਐੱਨਸੀਸੀ ਕੈਡਿਟਾਂ ਨੇ ਇਹ ਪ੍ਰੀਖਿਆ ਦਿੱਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਾਂਡਾ ਵਿੱਚ 64 ਕੈਡਿਟਾਂ ਨੇ ਪ੍ਰੀਖਿਆ ਦਿੱਤੀ। ਕਰਨਲ ਜੋਸ਼ੀ ਨੇ ਦੱਸਿਆ ਕਿ 350 ਅੰਕਾਂ ਦੀ ਲਿਖਤੀ ਪ੍ਰੀਖਿਆ ਅਤੇ 150 ਅੰਕਾਂ ਦੀ ਪ੍ਰੈਕਟੀਕਲ ਪ੍ਰੀਖਿਆ ਇੱਕੋ ਦਿਨ ਲਈ ਜਾਂਦੀ ਹੈ। ਕੈਡਿਟਾਂ ਦਾ ਅਨੁਸ਼ਾਸਨ ਅਤੇ ਏਕਤਾ ਦੇ ਨਾਲ-ਨਾਲ 25 ਹੋਰ ਵਿਸ਼ਿਆਂ ਦਾ ਟੈਸਟ ਲਿਆ ਜਾਂਦਾ ਹੈ। ਐੱਨਸੀਸੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣਾ ਹੈ। ਹਰ ਸਾਲ ਜਨਵਰੀ ਦੇ ਮਹੀਨੇ ਪੂਰੇ ਭਾਰਤ ਵਿੱਚ ‘ਏ’ ਸਰਟੀਫਿਕੇਟ ਪ੍ਰੀਖਿਆਵਾਂ ਹੁੰਦੀਆਂ ਹਨ। ‘ਬੀ’ ਅਤੇ ‘ਸੀ’ ਸਰਟੀਫਿਕੇਟ ਪ੍ਰੀਖਿਆਵਾਂ ਫਰਵਰੀ ਦੇ ਮਹੀਨੇ ਵਿੱਚ ਲਈਆਂ ਜਾਂਦੀਆਂ ਹਨ। ਲਾਇਲਪੁਰ ਖਾਲਸਾ ਕਾਲਜ ਵਿਖੇ, ਵੱਖ-ਵੱਖ ਸਕੂਲਾਂ ਦੇ 14 ਐਸੋਸੀਏਟ ਐੱਨਸੀਸੀ ਅਫਸਰ ਅਤੇ 5 ਕੇਅਰ ਟੇਕਿੰਗ ਅਫਸਰ ਪ੍ਰੀਖਿਆਵਾਂ ਵਿੱਚ ਕੈਡਿਟਾਂ ਦੇ ਨਾਲ ਮੌਜੂਦ ਸਨ। ਵਿਹਾਰਕ ਸਿਖਲਾਈ ਵਿੱਚ ਡ੍ਰਿਲ, ਹਥਿਆਰਾਂ ਨੂੰ ਵੱਖ ਕਰਨਾ ਅਤੇ ਜੋੜਨਾ, ਨਕਸ਼ਾ ਪੜ੍ਹਨਾ, ਫੀਲਡ ਕਰਾਫਟ ਅਤੇ ਜੰਗੀ ਕਰਾਫਟ ਆਦਿ ਸ਼ਾਮਲ ਹਨ। ਪ੍ਰੀਖਿਆ ਤੋਂ ਬਾਅਦ, ਸਾਰੇ ਕੈਡਿਟ ਅਤੇ ਸਟਾਫ਼ ਇੱਕ ਗਰੁੱਪ ਫੋਟੋ, ਐੱਨਸੀਸੀ ਗੀਤ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਆਪਣੇ ਘਰਾਂ ਨੂੰ ਰਵਾਨਾ ਹੋਏ।