ਮਾਨਸਾ, 22 ਅਗਸਤ:
ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ 68ਵੀਆਂ ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਫਫੜੇ ਭਾਈਕੇ ਵਿਖੇ ਜੋਨ ਬੋਹਾ ਵੱਲੋਂ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ 14 ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਵਿੱਚ ਏਕਮਜੋਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ 17 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਵਿੱਚ ਜੈਸਮੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਦੇ ਅੰਡਰ 19 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਮਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਬੋਹਾ ਸਕੂਲ ਦੇ ਖਿਡਾਰੀਆਂ ਨੇ ਅੱਜ ਤੱਕ ਰਾਈਫ਼ਲ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ 7 ਤਗਮੇ ਅਤੇ ਰਾਸ਼ਟਰ ਪੱਧਰ ਦੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਇੱਕ ਤਗਮਾ ਪ੍ਰਾਪਤ ਕਰ ਚੁੱਕੇ ਹਨ। ਸਕੂਲ ਦੇ ਤਿੰਨੋਂ ਵਿਦਿਆਰਥੀ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਲਈ ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਭਾਗ ਲੈਣਗੇ। ਸੰਸਥਾ ਦੇ ਮੁਖੀ ਨੇ ਇਸ ਪ੍ਰਾਪਤੀ ਲਈ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸ਼ੂਟਿੰਗ ਖੇਡ ਦੀ ਤਿਆਰੀ ਕਰਵਾਉਣ ਵਾਲੇ ਬਲਵਿੰਦਰ ਸਿੰਘ ਬੁਢਲਾਡਾ ( ਸਟੇਟ ਐਵਾਰਡੀ ) ਪੰਜਾਬੀ ਮਾਸਟਰ ਦੇ ਕਾਰਜ ਦੀ ਪ੍ਰਸੰਸਾ ਕੀਤੀ।
ਉਨ੍ਹਾਂ ਕਿਹਾ ਕਿ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਦੀ ਤਿਆਰੀ ਲਈ ਸਕੂਲ ਵਿੱਚ ਆਧੁਨਿਕ ਸ਼ੂਟਿੰਗ ਰੇਂਜ ਦਾ ਨਿਰਮਾਣ ਕਰਵਾਇਆ ਗਿਆ ਹੈ ਤਾਂ ਜੋ ਸਕੂਲ ਦੇ ਵਿਦਿਆਰਥੀ ਭਵਿੱਖ ਵਿੱਚ ਸਕੂਲ, ਜ਼ਿਲ੍ਹੇ ਅਤੇ ਆਪਣੇ ਰਾਜ ਦਾ ਨਾਮ ਰੌਸ਼ਨ ਕਰ ਸਕਣ। ਸਕੂਲ ਪਹੁੰਚਣ ’ਤੇ ਜੇਤੂ ਵਿਦਿਆਰਥੀਆਂ ਅਤੇ ਸ਼ੂਟਿੰਗ ਕੋਚ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਲੜਕਿਆਂ ਦੀ ਟੀਮ ਦੇ ਮੈਨੇਜਰ ਗਗਨਪ੍ਰੀਤ ਵਰਮਾ ਅਤੇ ਜਸਵਿੰਦਰ ਸਿੰਘ ਡੀ.ਪੀ.ਈ. ਅਤੇ ਲੜਕੀਆਂ ਦੀ ਟੀਮ ਦੇ ਮੈਨੇਜਰ ਮਿਸ ਅਮਨਦੀਪ ਕੌਰ ਸਾਇੰਸ ਮਿਸਟਰੈੱਸ (ਲੈਕਚਰਾਰ ਬਾਇਓਲੋਜੀ) ਦੀ ਵੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ।
ਇਸ ਮੌਕੇ ਦਮਨਪ੍ਰੀਤ ਸਿੰਘ, ਹਿਮਾਸ਼ੂ, ਦਿਨੀਸ਼ਾ ਅਤੇ ਅਨੀਸ਼ਾ ਈ.ਟੀ.ਟੀ. ਸਿਖਿਆਰਥੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਪ੍ਰਾਪਤੀ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਸਮੂਹ ਮੈਂਬਰ ਸਾਹਿਬਾਨ ਅਤੇ ਸਮੂਹ ਸਟਾਫ਼ ਨੇ ਵਧਾਈਆਂ ਦਿੱਤੀਆਂ।
ਸਕੂਲ ਆਫ਼ ਐਮੀਨੈਂਸ ਬੋਹਾ ਦੇ ਤਿੰਨ ਵਿਦਿਆਰਥੀਆਂ ਨੇ ਰਾਈਫ਼ਲ ਸ਼ੂਟਿੰਗ ਖੇਡ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ


