ਧਰਮਕੋਟ/ਬਾਘਾਪੁਰਾਣਾ, 23 ਸਤੰਬਰ (000) –
ਪੰਜਾਬ ਸਰਕਾਰ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਮੋਗਾ ਵਿੱਚ 3 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ 28 ਹੋ ਗਈ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਪਿੰਡ ਲੋਹਗੜ੍ਹ ਅਤੇ ਧਰਮਕੋਟ ਵਿਖੇ ਖੋਲ੍ਹੇ ਜਾ ਰਹੇ ਆਮ ਕਲੀਨਿਕਾਂ ਦੇ ਉਦਘਾਟਨ ਮੌਕੇ ਕੀਤਾ। ਇਸ ਤੋਂ ਇਲਾਵਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਬਾਘਾਪੁਰਾਣਾ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਲੋਕ ਅਰਪਣ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਜ ਸੂਬੇ ਵਿੱਚ 30 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਨਾਲ ਸੂਬੇ ਵਿੱਚ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ 872 ਹੋ ਗਈ ਹੈ। ਜਿਕਰਯੋਗ ਹੈ ਕਿ ਪਿੰਡ ਲੋਹਗੜ੍ਹ ਵਿਖੇ ਕਲੀਨਿਕ ਦੀ ਉਸਾਰੀ ਪਰਵਾਸੀ ਪੰਜਾਬੀ ਸ੍ਰ ਰਸ਼ਪਾਲ ਸਿੰਘ ਬਦੇਸ਼ਾ ਦੇ ਪਰਿਵਾਰ ਵੱਲੋਂ ਉਹਨਾਂ ਦੀ ਮਾਤਾ ਜੀ ਦੀ ਯਾਦ ਵਿੱਚ ਕਰਵਾਈ ਗਈ ਹੈ।
ਵੱਖਰੇ ਵੱਖਰੇ ਸਮਾਗਮਾਂ ਵਿੱਚ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਅਤੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੁਆਲੀਫਾਈਡ ਡਾਕਟਰਾਂ ਵੱਲੋਂ ਕੀਤਾ ਜਾਂਦਾ ਹੈ ਅਤੇ 38 ਤਰ੍ਹਾਂ ਦੇ ਲੈਬ ਟੈਸਟ ਅਤੇ 80 ਤਰ੍ਹਾਂ ਦੀਆਂ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹੇ ਵਿੱਚ ਪਿੰਡ ਲੋਹਗੜ੍ਹ, ਕਸਬਾ ਧਰਮਕੋਟ ਅਤੇ ਕਸਬਾ ਬਾਘਾਪੁਰਾਣਾ ਵਿਖੇ ਇਹ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਸਬੰਧੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਦਵਿੰਦਰਜੀਤ ਸਿੰਘ ਨੇ ਪਿੰਡ ਲੋਹਗੜ੍ਹ ਵਿਖੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੋਹਫ਼ੇ ਵਜੋਂ ਇਹ ਆਮ ਆਦਮੀ ਕਲੀਨਿਕਾਂ ਦੀ ਸੌਗਾਤ ਦਿੱਤੀ ਹੈ ਅਤੇ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ਸਿਵਲ ਸਰਜਨ ਡਾਕਟਰ ਅਸ਼ੋਕ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸਮੂਹ ਆਮ ਆਦਮੀ ਕਲੀਨਿਕ ਸਟਾਫ ਹਾਜ਼ਰ ਸਨ।
ਜ਼ਿਲ੍ਹਾ ਮੋਗਾ ਵਿੱਚ ਖੁੱਲ੍ਹੇ ਤਿੰਨ ਨਵੇਂ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 28 ਹੋਈ


