ਪਟਿਆਲਾ, 16 ਮਾਰਚ:
ਮੱਛੀ ਪਾਲਣ ਦਾ ਕਿੱਤਾ ਕਿਸਾਨਾਂ, ਬੇਰੁਜ਼ਗਾਰਾਂ, ਨੌਜਵਾਨਾਂ ਅਤੇ ਔਰਤਾਂ ਲਈ ਇੱਕ ਵਧੀਆ ਰੋਜ਼ਗਾਰ ਵਜੋਂ ਅਹਿਮ ਰੋਲ ਨਿਭਾ ਰਿਹਾ ਹੈ ਅਤੇ ਇਹ ਕਿੱਤਾ ਖੇਤੀਬਾੜੀ ਵਿਭਿੰਨਤਾ ਅਤੇ ਵਧੀਆ ਆਮਦਨ ਦਾ ਜਰੀਆਂ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼੍ਰੀਮਤੀ ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪੱਧਰੀ ਕਮੇਟੀ (ਡੀ.ਐਲ.ਸੀ) ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ) ਸਕੀਮ ਅਧੀਨ ਜ਼ਿਲ੍ਹੇ ਦੇ ਲਾਭਪਾਤਰੀਆਂ ਦੇ 40-60 ਫ਼ੀਸਦੀ ਸਬਸਿਡੀ ਕੇਸਾਂ ਨੂੰ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਨਵੇਂ ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਦੀ ਢੋਆ-ਢੁਆਈ ਕਰਨ ਲਈ ਥ੍ਰੀ ਵਹੀਲਰ ਵਿੱਦ ਆਈਸ ਬਾਕਸ, ਮੋਟਰ ਸਾਈਕਲ ਵਿੱਦ ਆਈਸ ਬਾਕਸ ਦੀ ਖ਼ਰੀਦ ਕਰਨ ਉੱਪਰ 40 ਫ਼ੀਸਦੀ ਜਨਰਲ ਅਤੇ 60 ਫ਼ੀਸਦੀ ਐਸ.ਸੀ/ਐਸ.ਟੀ/ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਸਾਫ਼ ਸੁਥਰੀ ਮੱਛੀ ਵੇਚਣ ਵਾਲਿਆਂ/ਐਕੁਏਰੀਅਮ ਵੇਚਣ ਲਈ ਨਵੀਂ ਦੁਕਾਨ ਦੀ ਉਸਾਰੀ ਜਾਂ ਪੁਰਾਣੀ ਦੁਕਾਨ ਦੀ ਰੈਨੋਵੇਸ਼ਨ ਲਈ ਇਸ ਸਕੀਮ ਦੇ ਸਬ ਕੰਪੋਨੈਂਟ ਫਿਸ਼ ਕਿਓਸਕ ਉੱਪਰ ਵੀ ਪ੍ਰੋਜੈਕਟ ਕਾਸਟ (10 ਲੱਖ ਜਾਂ ਇਸ ਤੋਂ ਘੱਟ) ਦੇ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ ।
ਮੱਛੀ ਪਾਲਣ ਦੇ ਖੇਤਰ ਵਿੱਚ ਆਧੁਨਿਕ ਤਰੀਕੇ ਨਾਲ ਮੱਛੀ ਦੀ ਫਲੋਟਿੰਗ ਅਤੇ ਸਿੰਕਿੰਗ ਫੀਡ ਬਣਾਉਣ ਦੇ ਮੰਤਵ ਨਾਲ ਉੱਤਮ ਦਰਜੇ ਦੀ ਫੀਡ ਤਿਆਰ ਕਰਨ ਲਈ, ਇੱਕ ਲਾਭਪਾਤਰੀ ਵੱਲੋਂ ਪਿੰਡ ਘਲੋੜੀ ਵਿਖੇ ਫਿਸ਼ ਫੀਡ ਮਿਲ ਦੀ ਸਥਾਪਨਾ ਵੀ ਕੀਤੀ ਗਈ ਹੈ । ਇਸ ਨਾਲ ਜ਼ਿਲ੍ਹੇ, ਰਾਜ ਅਤੇ ਨੇੜਲੇ ਰਾਜਾਂ ਨੂੰ ਵੀ ਮੱਛੀ ਦੀ ਰੈਡੀਮੇਡ ਸੰਤੁਲਿਤ ਫਿਸ਼ ਫੀਡ ਮਿਲਣੀ ਸ਼ੁਰੂ ਹੋ ਜਾਵੇਗੀ ।
ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਵਿੱਤੀ ਅਤੇ ਤਕਨੀਕੀ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਕਰਮਜੀਤ ਸਿੰਘ ਨੇ ਦੱਸਿਆ ਕਿ ਪੀ.ਐਮ.ਐਮ.ਐਸ.ਵਾਈ ਸਕੀਮ ਅਧੀਨ ਪਲੈਨ/ਪੱਧਰ ਜ਼ਮੀਨ ਤੇ ਮੱਛੀ ਤਲਾਬ ਦੇ ਨਵੇਂ ਨਿਰਮਾਣ, ਫਿਸ਼ ਕਿਓਸਕ ਜਾਂ ਇਸ ਦੇ ਸੁਧਾਰ (ਰੈਨੋਵੇਸ਼ਨ), ਮੱਛੀਆਂ ਦੀ ਢੋਆ-ਢੁਆਈ ਦੇ ਵਾਹਨ ਖ਼ਰੀਦਣ, ਫਿਸ਼ ਫੀਡ ਮਿਲ ਸਥਾਪਿਤ ਕਰਨ ਦੇ ਪ੍ਰੋਜੈਕਟਾਂ ਤੇ ਯੂਨਿਟ ਕਾਸਟ ਦਾ 40-60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਟਰ ਸਾਈਕਲ ਵਿੱਦ ਆਈਸ ਬਾਕਸ ਦੇ ਸਾਲ 2024-25 ਦੌਰਾਨ 4,31,294 ਰੁਪਏ ਦੇ ਸਬਸਿਡੀ, ਥ੍ਰੀ ਵਹੀਲਰ ਵਿੱਦ ਆਈਸ ਬਾਕਸ ਤੇ 3,60,000 ਰੁਪਏ ਦੀ ਸਬਸਿਡੀ, ਫਿਸ਼ ਕਿਓਸਕ ਦੇ 6,99,234 ਰੁਪਏ ਦੀ ਸਬਸਿਡੀ ਅਤੇ ਬਾਇਓਫਲਾਕ ਯੂਨਿਟ ਤੇ 2,88,000 ਰੁਪਏ ਦੀ ਕੁੱਲ ਸਬਸਿਡੀ 17,78,528 ਰੁਪਏ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਲਗਭਗ 17 ਲੱਖ ਰੁਪਏ ਦੇ ਹੋਰ ਸਬਸਿਡੀ ਵੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਲਦ ਹੀ ਪਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਦੇ ਮੱਛੀ ਪਾਲਣ ਖੇਤਰ ਨਾਲ ਜੁੜੇ ਹਰ ਵਿਅਕਤੀ ਨੂੰ ਨੈਸ਼ਨਲ ਡਿਜੀਟਲ ਪੋਰਟਲ ‘ਤੇ ਰਜਿਸਟਰ ਕੀਤਾ ਜਾ ਰਿਹਾ ਹੈ। ਇਸ ਨਾਲ ਮੱਛੀ ਪਾਲਣ ਖੇਤਰ ਨਾਲ ਜੁੜੇ ਹਰ ਵਿਅਕਤੀ ਨੂੰ ਫ਼ਾਇਦਾ ਹੋਵੇਗਾ ਅਤੇ ਸਰਕਾਰ ਕੋਲ ਇੱਕ ਡਾਟਾ ਬੇਸ ਤਿਆਰ ਹੋ ਜਾਵੇਗਾ, ਜਿਸ ਨਾਲ ਭਵਿੱਖ ਦੀਆਂ ਯੋਜਨਾਵਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਕੋਈ ਵੀ ਲਾਭਪਾਤਰੀ ਜਾਂ ਇਸ ਖੇਤਰ ਨਾਲ ਜੁੜਿਆ ਹਰ ਵਿਅਕਤੀ ਲੋੜੀਂਦੇ ਦਸਤਾਵੇਜ਼ਾਂ ਨਾਲ ਆਪਣੇ ਨੇੜਲੇ, ਕਾਮਨ ਸਰਵਿਸ ਸੈਂਟਰ ਜਾ ਕੇ ਪੋਰਟਲ ਉੱਪਰ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ।
ਪੰਜਾਬ ਸਰਕਾਰ ਦੀਆਂ ਉਹਨਾਂ ਮੱਛੀ ਪਾਲਕਾਂ ਨੂੰ 25 ਫ਼ੀਸਦੀ ਸਬਸਿਡੀ ਦੇਣ ਦੀ ਸਕੀਮ ਚਲਾਈ ਹੈ ਜਿਨ੍ਹਾਂ ਦੇ ਤਲਾਬ ਨੀਵੀਂਆਂ/ਟੋਇਆ/ਭੱਠਿਆਂ ਵਾਲੀਆਂ ਜ਼ਮੀਨਾਂ ਉੱਪਰ ਬਣੇ ਹਨ। ਇਹ ਸਬਸਿਡੀ ਪੰਜਾਬ ਫਿਸ਼ਰੀਜ ਡਿਵੈਲਪਮੈਂਟ ਬੋਰਡ ਵੱਲੋਂ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ ।
ਸੀਨੀਅਰ, ਮੱਛੀ ਪਾਲਣ ਅਫ਼ਸਰ ਪਟਿਆਲਾ ਵੀਰਪਾਲ ਕੌਰ ਜੋੜਾ ਨੇ ਦੱਸਿਆ ਕਿ ਨਵੇਂ ਸਾਲ ਤੋਂ ਮੱਛੀ ਦਾ ਕਾਰੋਬਾਰ ਕਰਨ ਵਾਲੇ ਹਰ ਵਿਅਕਤੀ ਦਾ ਸਲਾਨਾ ਜੀਵਨ ਬੀਮਾ ਕੀਤਾ ਜਾ ਰਿਹਾ ਹੈ। ਇੱਕ ਨਵੀਂ ਸਕੀਮ ਵੀ ਕੇਂਦਰ ਸਰਕਾਰ ਵੱਲੋਂ ਜਲਦ ਹੀ ਲਾਂਚ ਕੀਤੀ ਗਈ ਹੈ, ਜਿਸ ਤਹਿਤ ਉਹਨਾਂ ਦੀ ਪਲ ਰਹੀ ਮੱਛੀ ਉੱਪਰ ਬੇਸਿਕ ਇੰਨਸ਼ੋਰੈਂਸ ਅਤੇ ਕੌਂਪਰੀਹੈਂਸਿਵ ਇੰਨਸ਼ੋਰੈਂਸ ਕੀਤੀ ਜਾਵੇਗੀ । ਇਸ ਮੰਤਵ ਲਈ ਕਈ ਇੰਸ਼ੋਰੈਂਸ ਕੰਪਨੀਆਂ ਨਾਲ ਗੱਠਜੋੜ ਕੀਤਾ ਜਾ ਰਿਹਾ ਹੈ। ਮੱਛੀ ਪਾਲਣ ਦੀ 5 ਦਿਨਾਂ ਮੁਫ਼ਤ ਟ੍ਰੇਨਿੰਗ ਵੀ ਮਿਤੀ 17 ਮਾਰਚ 2025 ਨੂੰ ਆਰੰਭ ਹੋ ਰਹੀ ਹੈ। ਇਹਨਾਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਲੈਣ ਲਈ ਮੱਛੀ ਪਾਲਣ ਵਿਭਾਗ ਪਟਿਆਲਾ ਨਾਲ ਸਿੱਧੇ ਤੌਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ


