ਫਰੀਦਕੋਟ 11 ਜੁਲਾਈ ,
ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੀ ਫਸਲ ਨੂੰ ਕੀੜੇ ਮਕੌੜਿਆਂ ਖਾਸ ਕਰਕੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਤੋਂ ਬਚਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਜਾਇਜ਼ਾ ਲੈਣ ਲਈ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਚ ਖੇਤੀ ਅਧਿਕਾਰੀਆਂ ਦੀ ਮੀਟਿੰਗ ਹੋਈ ,ਜਿਸ ਦੀ ਪ੍ਰਧਾਨਗੀ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ। ਮੀਟਿੰਗ ਵਿੱਚ ,ਡਾ.ਗੁਰਪ੍ਰੀਤ ਸਿੰਘ,ਡਾ.ਗੁਰਿੰਦਰ ਪਾਲ ਸਿੰਘ ਖੇਤੀਬਾੜੀ ਅਫ਼ਸਰ,ਡਾ. ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ (ਆਤਮਾ) ਸਮੇਤ ਸਮੂਹ ਅਧਿਕਾਰੀ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਰਕਲ ਪੱਧਰ ਦੀਆਂ ਟੀਮਾਂ ਵੱਲੋਂ ਨਰਮੇ ਦੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਗੁਲਾਬੀ ਸੁੰਡੀ ਦੀ ਨਿਗਰਾਨੀ ਲਈ ਹਰੇਕ ਨਰਮੇ ਦੇ ਖੇਤ ਵਿੱਚ ਇੱਕ ਇੱਕ ਸੈਕਸ ਫੀਰੋਮੋਨ ਟਰੈਪ ਲਗਾਏ ਗਏ ਹਨ ਤਾਂ ਜੋ ਗੁਲਾਬੀ ਸੁੰਡੀ ਦੀ ਆਮਦ ਬਾਰੇ ਪਤਾ ਲੱਗ ਸਕੇ ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ 320 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ । ਉਨਾਂ ਦੱਸਿਆ ਕਿ ਸਾਲ 2023-24 ਦੌਰਾਨ ਜ਼ਿਲਾ ਫ਼ਰੀਦਕੋਟ ਵਿੱਚ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੁਝ ਮੌਸਮੀ ਸਮੱਸਿਆਵਾਂ ਕਾਰਨ, ਨਰਮੇ ਦੀ ਫਸਲ ਹੇਠ ਰਕਬੇ ਵਿੱਚ ਗਿਰਾਵਟ ਆਈ ਹੈ।ਉਨਾਂ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦੀ ਫਸਲ ਦੇ ਕੀੜਿਆਂ ਦੇ ਪਹਿਚਾਣ ਅਤੇ ਸੁਚੱਜੀ ਰੋਕਥਾਮ ਲਈ ਸਰਕਲ ਪੱਧਰ ਤੇ 12 ਜਾਗਰੂਕਤਾ ਕੈਂਪ ਇਸ ਮਹੀਨੇ ਦੇ ਅਖੀਰ ਤੱਕ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਇਸ ਵਕਤ ਨਰਮੇ ਦੀ ਫਸਲ ਦੀ ਉਮਰ ਤਕਰੀਬਨ 45 ਤੋਂ 60 ਦਿਨ ਦੀ ਹੋ ਗਈ ਹੈ ਜਿਸ ਕਾਰਨ ਕੀੜਿਆਂ ਤੋਂ ਬਚਾਅ ਕਰਨ ਲਈ ਨਰਮੇ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ ।ਉਨਾਂ ਦੱਸਿਆ ਕਿ ਆਤਮਾ ਤਹਿਤ ਸੈਕਸ ਫੀਰੋਮੋਨ ਟ੍ਰੈਪਸ ਦੀ ਖਰੀਦ ਕਰਕੇ ਨਰਮੇ ਦੇ ਹਰੇਕ ਖੇਤ ਵਿੱਚ ਲਗਾ ਦਿੱਤੇ ਗਏ ਹਨ।ਉਨਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਨਰਮੇ ਦੀ ਫ਼ਸਲ ਹੇਠ ਰਕਬਾ ਭਾਵੇਂ ਘੱਟ ਹੈ ਪਰ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਕੇ ਨਰਮੇ ਦੀ ਫਸਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਨਰਮਾ ਕਾਸ਼ਤਕਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋਂ ਨਰਮਾ ਉਤਪਾਦਕਾਂ ਵਿਚ ਮੁੜ ਵਿਸ਼ਵਾਸ਼ ਬਹਾਲ ਹੋ ਸਕੇ ਅਤੇ ਅਗਲੇ ਸਾਲ ਝੋਨੇ ਦੀ ਫ਼ਸਲ ਹੇਠੋ ਰਕਬਾ ਕੱਢ ਕੇ ਨਰਮੇ ਹੇਠ ਰਕਬਾ ਵਧਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਕੀਟ ਸਰਵੇਖਣ ਹੁੰਦਾ ਰਹੇ ਤਾਂ ਕਿਸਾਨ ਨਰਮੇ ਦੀ ਫਸਲ ਨੂੰ ਕੀੜਿਆਂ ਖਾਸ ਕਰਕੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾ ਸਕਦੇ ਹਨ।
ਉਨਾਂ ਕਿਹਾ ਕਿ ਨਰਮੇ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਫੁੱਲ ਪੈਣ ਸਮੇਂ ਦੋ ਕਿਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਇੱਕ ਹਫਤੇ ਦੇ ਵਕਫੇ ਤੇ ਚਾਰ ਛਿੜਕਾਅ ਕਰ ਦੇਣੇ ਚਾਹੀਦੇ ਹਨ ਅਤੇ ਫੁੱਲ ਡੋਡੀ ਆਉਣ ਤੇ ਯੂਰੀਆ ਦੀ ਦੂਜੀ ਕਿਸ਼ਤ ਵੀ ਪਾ ਦੇਣੀ ਚਾਹੀਦੀ ਹੈ।ਉਨਾਂ ਦੱਸਿਆ ਕਿ ਜੇਕਰ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਵਧਦਾ ਹੈ ਤਾਂ ਸਿਫਾਰਸ਼ ਕੀਟਨਾਸ਼ਕਾਂ ਦਾ ਸਮੇਂ ਸਿਰ ,ਸਹੀ ਤਕਨੀਕ ਵਰਤ ਕੇ ਛਿੜਕਾਅ ਕਰ ਦੇਣਾ ਚਾਹੀਦਾ।
ਉਨਾਂ ਦੱਸਿਆ ਕਿ ਨਰਮੇ ਫ਼ਸਲ ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ 100 ਗ੍ਰਾਮ ਐਮਾਮੈਕਟੀਨ ਬੇਨਜ਼ੋਏਟ ਜਾਂ 500 ਮਿਲੀ ਲਿਟਰ ਪ੍ਰੋਫ਼ਿਨੋਫੋਸ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਫੁੱਲ ਪੈਣ ਸਮੇਂ ਛਿੜਕਾਅ ਕਰ ਦੇਣਾ ਚਾਹੀਦਾ ।ਉਨਾ ਕਿਹਾ ਕਿ ਜੇਕਰ ਚਿੱਟੀ ਮੱਖੀ ਦੀ ਤਾਦਾਦ ਆਰਥਿਕ ਕਗਾਰ ਤੋਂ ਘੱਟ ਹੈ ਤਾਂ ਨਿੰਮ ਦੇ ਘੋਲ ਜਾਂ ਨਿੰਮ ਦੇ ਤੇਲ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ ਅਤੇ ਜੇਕਰ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਹੈ ਤਾਂ 200 ਗ੍ਰਾਮ ਪਾਇਰੀਫਲੂਕਿਨਾਜ਼ੋਲ 20 ਡਬਲਿਊ ਜੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਉਨਾਂ ਨਰਮਾ ਕਾਸਤਕਾਰਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਉੱਪਰ ਕੀੜਿਆਂ ਦੀ ਰੋਕਥਾਮ ਲਈ ਗੈਰ ਸਿਫਾਰਸ਼ਸ਼ੁਦਾ ਜਾਂ ਮਿਸ਼ਰਤ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਸਮੱਸਿਆ ਦਾ ਹੱਲ ਕੀਤਾ ਜਾਵੇ।