ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਅਤੇ ਵਾਤਵਰਣ ਦੀ ਸੁਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫਸਰ

Faridkot

 ਫਰੀਦਕੋਟ: 5 ਜੂਨ 2024 (    ) ਪੰਜਾਬ ਦੀ ਖੇਤੀ ਦੇ ਤਿੰਨ ਮੁੱਖ ਥੰਮ ਮਿੱਟੀ ,ਪਾਣੀ ਅਤੇ ਹਵਾ ਹੁੰਦੇ ਹਨ ਜਿਨਾਂ ਵਿੱਚੋਂ ਇੱਕ ਥੰਮ ਦੀ ਸਿਹਤ ਵਿਗੜ ਜਾਵੇ ਤਾਂ ਫਸਲਾਂ ਦੀ ਪੈਦਾਵਾਰ ਘਟਣ ਦੇ ਨਾਲ ਨਾਲ ਮਨੁੱਖੀ ਸਿਹਤ ਪ੍ਰਭਾਵਤ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਆਰ ਜੀ ਆਰ ਸੈੱਲ ਵੱਲੋਂ ਪਰਾਣਾ ਤਹਿਤ ਬਲਾਕ ਫਰੀਦਕੋਟ ਦੇ ਪਿੰਡ ਭਾਣਾ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਕੀਤੇ ।ਇਸ ਮੌਕੇ ਜੰਗਲਾਤ ਵਿਭਾਗ ਵੱਲੋਂ ਉਪਲਬਧ ਕਰਵਾਏ ਗਏ ਛਾਂਦਾਰ 500 ਬੂਟੇ ਲਗਾਏ ਗਏ ਅਤੇ ਪਿੰਡ ਵਾਸੀਆਂ ਨੂੰ ਲਗਾਏ ਗਏ ਬੂਟਿਆਂ ਦੀ ਸੰਭਾਲ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਸਹੁੰ ਚੁਕਾਈ ਗਈ ।ਇਸ ਮੌਕੇ ਹੋਰਨਾ ਤੋਂ ਇਲਾਵਾ ਮੁੱਖ ਪ੍ਰਬੰਧਕ ਡਾ.ਹਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਦੀਪੂ, ਬਲਦੇਵ ਸਿੰਘ ਭਾਣਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਔਰਤਾਂ ਹਾਜ਼ਰ ਸਨ। 

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 50 ਸਾਲ ਪਹਿਲਾਂ ਜਦੋਂ ਪਾਣੀ ,ਹਵਾ ਅਤੇ ਮਿੱਟੀ ਪ੍ਰਦੂਸ਼ਣ ਹੋਣੀ ਸ਼ੁਰੂ ਹੋਈ ਤਾਂ ਸੰਯੁਕਤ ਰਾਸ਼ਟਰ ਵੱਲੋਂ ਆਮ ਲੋਕਾਂ ਨੂੰ ਵਾਤਾਵਰਣ ਦੇ ਪ੍ਰਦੂਸ਼ਣ ਹੋਣ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ 5 ਜੂਨ 1974 ਨੂੰ ਪਹਿਲੀ ਵਾਰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਉਨਾਂ ਕਿਹਾ ਕਿ ਹਰ ਸਾਲ ਸੰਯੁਕਤ ਰਾਸ਼ਟਰ ਵੱਲੋਂ ਵਾਤਾਵਰਣ ਸੰਭਾਲ ਪ੍ਰੋਗਰਾਮ ਤਹਿਤ ਵਾਤਾਵਰਣ ਦਿਵਸ ਦਾ ਥੀਮ(ਵਿਸ਼ਾਂ) ਦਿੱਤਾ ਜਾਂਦਾ ਹੈ ,ਇਸ ਸਾਲ ਇਸ ਦਿਨ ਦਾ ਥੀਮ (ਵਿਸ਼ਾ) “ਜ਼ਮੀਨ ਦੀ ਬਹਾਲੀ,ਮਾਰੂਥਲੀਕਰਨ ਤੇ ਸੋਕੇ ਦੀ ਲਚਕਤਾ” ਰੱਖਿਆ ਗਿਆ ਹੈ।ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਨਾਲ ਮਿੱਟੀ ਦੀ ਉਤਪਾਦਨ ਸ਼ਕਤੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ,ਜਿਸ ਨਾਲ ਭਵਿੱਖ ਦੀ ਖੇਤੀ ਨੂੰ ਖਤਰਾ ਪੈਦਾ ਹੋ ਰਿਹਾ ਹੈ।

ਉਨਾਂ ਕਿਹਾ ਕਿ ਮੌਸਮੀ ਤਬਦੀਲੀਆਂ ਕਾਰਨ ਹਰ ਸਾਲ ਗਰਮੀ ਵਿੱਚ ਵਾਧਾ ਹੋ ਰਿਹਾ ਹੈ । ਉਨਾਂ ਕਿਹਾ ਕਿ ਮੌਸਮੀ ਤਬਦੀਲੀਆ ਦੀ ਗਤੀ ਨੂੰ ਘੱਟ ਕਰਨ ਲਈ ਸਾਨੂੰ ਵੱਧ ਤੋਂ ਵੱਧ ਛਾਂਦਾਰ ਜਾਂ ਫਲਦਾਰ ਦਰਖਤ ਲਗਾਉਣੇ ਚਾਹੀਦੇ ਹਨ ਅਤੇ ਲਗਾ ਕੇ ਸੰਭਾਲ ਵੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਇਸ ਵਾਰ ਝੋਨੇ ਦੀ ਪਰਾਲੀ ਨੂੰ ਸਾੜਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ ,ਜਿਸ ਦੀ ਪੂਰਤੀ ਲਈ ਹਰੇਕ ਇਨਸਾਨ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਨਵੰਬਰ ਮਹੀਨੇ ਦੌਰਾਨ ਹਵਾ ਦੀ ਗੁਣਵਤਾ ਬਹੁਤ ਖਰਾਬ ਹੋ ਜਾਂਦੀ ਹੈ।ਉਨਾਂ ਕਿਹਾ ਕਿ ਪੰਜਾਬ ਦੀ ਕਿਰਸਾਨੀ ਦਾ ਵਜੂਦ ,ਉਸ ਦੀ ਉਪਜਾਊ ਮਿੱਟੀ ਅਤੇ ਪਾਣੀ ਦੀ ਉਪਲਬਧਤਾ ਤੇ ਨਿਰਭਰਤਾ ਕਰਦਾ ਹੈ।ਉਨਾਂ ਕਿਸਾਨਾਂ ਨੂੰ ਖੇਤਾਂ ਦੀ ਮਿੱਟੀ ਦੀ ਉਤਪਾਦਕਤਾ ਸਕਤੀ ਬਰਕਰਾਰ ਰੱਖਣ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਦੀ ਬਿਜਾਏ ਖੇਤ ਵਿੱਚ ਹੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਜਰਖੇਜ਼ ਮਿੱਟੀ ਦੀ ਮੰਗ ਦਿਨੋ ਦਿਨ ਵਧਦੀ ਜਾ ਰਹੀ ਹੈ ,ਚਾਹੇ ਉਹ ਨਵੀਆਂ ਉਸਾਰੀਆਂ ਗਈਆ ਇਮਾਰਤਾਂ ਦੇ ਵਿਹੜਿਆਂ ਵਿੱਚ ਮਿੱਟੀ ਦੀ ਭਰਤੀ,ਨਵੀਆਂ ਬਣ ਰਹੀਆਂ ਸੜਕਾਂ ਲਈ ਜਾਂ ਭੱਠਿਆਂ ਵਿੱਚ ਇੱਟਾਂ ਬਨਾਉਣ ਲਈ।ਉਨਾਂ ਕਿਹਾ ਕਿ ਮਿੱਟੀ ਵਿੱਚ ਕਈ ਤਰਾਂ ਦੇ ਜੀਵ ਜਿਵੇਂ ਗੰਡੋਏ,ਮਿਲੀਪੀਡ,ਸਿਉਂਕ ਆਦਿ ਹੁੰਦੇ ਹਨ ਜੋ ਕਈ ਤਰਾਂ ਦੀਆਂ ਕ੍ਰਿਆਵਾਂ ਨਾਲ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਸਹਾਈ ਹੂੰਦੇ ਹਨ ਜਿਵੇਂ ਮਿੱਟੀ ਉਪਰ ਪਏ ਸੁੱਕੇ ਪੱਤੇ,ਫਸਲਾਂ ਦੀ ਰਹਿੰਦ ਖੂੰਹਦ ਨੂੰ ਗਾਲਣਾ ਆਦਿ ਨੂੰ ਬਹੁਤ ਹੀ ਬਰੀਕ ਟੁਕੜਿਆਂ ਵਿੱਚ ਤੋੜ ਕੇ ਜ਼ਰਖੇਜ ਮਿੱਟੀ ਬਨਾਉਣਾ,ਇਸ ਲਈ ਜ਼ਰਖੇਜ਼ ਮਿੱਟੀ ਨੂੰ ਖੇਤ ਵਿੱਚੋਂ ਚੁਕਾਉਣ ਤੋਂ ਗੁਰੇਜ਼ ਕਰਨਾ ਚਾਹੀਦਾ।

ਡਾ. ਹਰਮਨਦੀਪ ਸਿੰਘ ਸਿੰਘ ਨੇ ਵਿਸ਼ਵ ਵਾਤਾਵਰਣ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਆਲੇ ਦੁਆਲੇ ਵੱਧ ਤੋ ਵੱਧ ਦਰੱਖਤ ਲਗਾਏ ਜਾਣ ਕਿਉਂਕਿ ਦਰੱਖਤ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਵਿੱਚ ਕਾਰਬਨਡਾਈਆਕਸਾਈਡ ਨੂੰ ਖਾ ਕੇ ਜੀਵਣ ਰੱਖਿਅਕ ਆਕਸੀਜਨ ਛੱਡਦੇ ਹਨ।ਅਖੀਰ ਵਿੱਚ ਕਿਸਾਨ ਬਲਦੇਵ ਸਿੰਘ ਵੱਲੋ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।