ਫਰੀਦਕੋਟ 1 ਜੁਲਾਈ,
ਸਾਲ 2023-24 ਦੌਰਾਨ ਜ਼ਿਲਾ ਫ਼ਰੀਦਕੋਟ ਵਿੱਚ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੁਝ ਮੌਸਮੀ ਸਮੱਸਿਆਵਾਂ ਵੇਖਣ ਵਿੱਚ ਆਈਆਂ ,ਨਤੀਜੇ ਵਜੋਂ ਨਰਮੇ ਦੀ ਫਸਲ ਦਾ ਝਾੜ ਘਟਣ ਕਾਰਨ ਇਸ ਵਾਰ ਨਰਮੇ ਹੇਠ ਰਕਬੇ ਵਿੱਚ ਗਿਰਾਵਟ ਆਈ ਹੈ। ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ 12 ਸਰਕਲ ਪੱਧਰ ,2 ਬਲਾਕ ਪੱਧਰ ਅਤੇ ਇਕ ਜ਼ਿਲਾ ਪੱਧਰ ਤੇ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹਰ ਸੋਮਵਾਰ ਅਤੇ ਵੀਰਵਾਰ ਨੂੰ ਨਰਮੇ ਵਾਲੇ ਖੇਤਾਂ ਵਿਚ ਜਾ ਕੇ ਲਗਾਤਾਰ ਨਿਰੀਖਣ ਕਰਨਗੀਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਨਰਮੇ ਦੀ ਬਿਜਾਈ ਤੋਂ ਪਹਿਲਾਂ ਨਰਮੇ ਦੀਆਂ ਛੱਟੀਆਂ ਨੂੰ ਨਸ਼ਟ ਕਰਨ ਤੋਂ ਇਲਾਵਾ ਜੈਤੋ ਸਥਿਤ ਗੀਨਿੰਗ ਫੈਕਟਰੀ ਵਿਚ ਸਟੋਰ ਕੀਤੇ ਵੜੇਵਿਆਂ ਦੀ ਫਿਉਮੀਗੇਸ਼ਨ ਕੀਤੀ ਗਈ।
ਉਨਾਂ ਦੱਸਿਆ ਕਿ ਇਸ ਵਕਤ ਨਰਮੇ ਦੀ ਫਸਲ ਦੀ ਉਮਰ ਤਕਰੀਬਨ 45 ਤੋਂ 60 ਦਿਨ ਦੀ ਹੋ ਗਈ ਹੈ ਜਿਸ ਕਾਰਨ ਕੀੜਿਆਂ ਤੋਂ ਬਚਾਅ ਕਰਨ ਲਈ ਨਰਮੇ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ । ਉਨਾਂ ਦੱਸਿਆ ਨਰਮੇ ਦੀ ਫ਼ਸਲ ਦੀ ਨਿਗਰਾਨੀ ਲਈ ਵੱਖ ਵੱਖ ਪੱਧਰ ਦੀਆਂ 15 ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹਰੇਕ ਸੋਮਵਾਰ ਅਤੇ ਵੀਰਵਾਰ ਨੂੰ ਖੇਤਾਂ ਵਿਚ ਜਾ ਕੇ ਨਰਮੇ ਦੀ ਫ਼ਸਲ ਦੀ ਨਿਗਰਾਨੀ ਕਰਨਗੀਆਂ। ਉਨਾਂ ਦੱਸਿਆ ਕਿ ਆਤਮਾ ਤਹਿਤ 500 ਸੈਕਸ ਫੀਰੋਮੋਨ ਟ੍ਰੈਪਸ ਦੀ ਖਰੀਦ ਕਰਕੇ 500 ਏਕੜ ਰਕਬੇ ਵਿੱਚ ਸ਼ੁਕਰਵਾਰ ਤਕ ਲਗਾ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਸਾਰੇ ਖ਼ੇਤੀਬਾੜੀ ਅਧਿਕਾਰੀ /ਕਰਮਚਾਰੀਆਂ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਕੇ ਟ੍ਰੈਪ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋਂ ਸ਼ੁਕਰਵਾਰ ਤਕ ਮੁਕੰਮਲ ਕਰ ਲਿਆ ਜਾਵੇਗਾ।
ਉਨਾਂ ਨੇ ਦੱਸਿਆ ਕਿ ਨਰਮੇ ਦੀ ਫਸਲ ਉੱਪਰ ਵੱਖ-ਵੱਖ ਕੀੜਿਆਂ ਅਤੇ ਕਈ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਜਿਸ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕੀਟ ਸਰਵੇਖਣ ਹੁੰਦਾ ਰਹੇ ਤਾਂ ਕਿਸਾਨ ਨਰਮੇ ਦੀ ਫਸਲ ਨੂੰ ਕੀੜਿਆਂ ਖਾਸ ਕਰਕੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾ ਸਕਦੇ ਹਨ। ਉਨਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਨਰਮੇ ਦੀ ਫ਼ਸਲ ਹੇਠ ਰਕਬਾ ਭਾਵੇਂ ਘੱਟ ਹੈ ਪਰ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਕੇ ਨਰਮੇ ਦੀ ਫਸਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਨਰਮਾ ਕਾਸ਼ਤਕਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋਂ ਨਰਮਾ ਉਤਪਾਦਕਾਂ ਵਿਚ ਮੁੜ ਵਿਸ਼ਵਾਸ਼ ਬਹਾਲ ਹੋ ਸਕੇ ਅਤੇ ਅਗਲੇ ਸਾਲ ਝੋਨੇ ਦੀ ਫ਼ਸਲ ਹੇਠੋ ਰਕਬਾ ਕਢ ਕੇ ਨਰਮੇ ਹੇਠ ਰਕਬਾ ਵਧਾਇਆ ਜਾ ਸਕੇ।ਉਨਾਂ ਨਰਮਾ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਉੱਪਰ ਕੀੜਿਆਂ ਦੀ ਰੋਕਥਾਮ ਲਈ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਸਮੱਸਿਆ ਦਾ ਹੱਲ ਕੀਤਾ ਜਾਵੇ।