ਜ਼ੀਰਕਪੁਰ (ਐਸ.ਏ.ਐਸ. ਨਗਰ), 26 ਸਤੰਬਰ:
ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਅੱਜ ਇੱਥੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਾ ਕਲਾਸਾਂ ਜ਼ਿਲ੍ਹੇ ਦੇ ਨਾਗਰਿਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਉਤਸ਼ਾਹਿਤ ਕਰ ਰਹੀਆਂ ਹਨ।
ਯੋਗਾ ਦੀ ਮਦਦ ਨਾਲ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸਰੋ ਦੇਵੀ (65) ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਸੀ ਅਤੇ ਮੋਤੀਆ ਸਿਟੀ ਯੋਗਾ ਕਲਾਸਾਂ ਵਿਚ ਨਿਯਮਿਤ ਤੌਰ ‘ਤੇ ਸੇਤੂਬੰਧ ਅਤੇ ਮਰਕਟ ਆਸਣ ਕਰਨ ਤੋਂ ਬਾਅਦ ਉਸ ਨੇ ਇਸ ਸਮੱਸਿਆ ‘ਤੇ ਹੁਣ ਲਗਭਗ 90 ਪ੍ਰਤੀਸ਼ਤ ਕਾਬੂ ਪਾ ਲਿਆ ਹੈ।
ਇਸੇ ਤਰ੍ਹਾਂ ਇੱਕ ਹੋਰ ਔਰਤ ਸੰਤੋਸ਼ (53) ਜੋ ਕਰੀਬ 6-7 ਮਹੀਨੇ ਪਹਿਲਾਂ ਬੈਠ ਨਾ ਸਕਣ ਦੀ ਸਮੱਸਿਆ ਨਾਲ ਮੋਤੀਆ ਸਿਟੀ ਵਿਖੇ ਯੋਗਾ ਕਲਾਸਾਂ ਵਿੱਚ ਸ਼ਾਮਲ ਹੋਈ ਸੀ, ਦਰਦ ਅਤੇ ਬੈਠਣ ਦੀ ਸਮੱਸਿਆ ਦੀ ਹੁਣ ਕੋਈ ਸ਼ਿਕਾਇਤ ਨਾ ਹੋਣ ਦੇ ਨਾਲ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ।
ਇੱਕ ਹੋਰ ਪੁਰਸ਼ ਯੋਗਾ ਸਿਖਿਆਰਥੀ, ਸੁਸ਼ੀਲ ਗੁਪਤਾ (65) ਜੋ ਰੀੜ ਦੀ ਹੱਡੀ ਦੀ ਸਮੱਸਿਆ (ਪੋਸਚਰ ਸਮੱਸਿਆ) ਤੋਂ ਪੀੜਤ ਸੀ, ਹੁਣ ਆਪਣੀ ਯੋਗਾ ਟ੍ਰੇਨਰ ਅਰਚਨਾ ਦਾ ਧੰਨਵਾਦ ਪ੍ਰਗਟ ਕਰ ਰਿਹਾ ਹੈ ਕਿ ਉਸਨੇ ਇਸ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਉਸਦੀ ਮਦਦ ਕੀਤੀ।
ਸੀ ਐਮ ਦੀ ਯੋਗਸ਼ਾਲਾ ਦੀ ਟ੍ਰੇਨਰ ਅਰਚਨਾ ਨੇ ਆਪਣੀਆਂ ਯੋਗਾ ਕਲਾਸਾਂ ਦੇ ਸਿਖਿਆਰਥੀਆਂ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਸ਼ੁਰੂ ਵਿੱਚ ਉਹ ਸਾਰੇ ਆਪਣੇ ਰੁਝੇਵਿਆਂ ਅਤੇ ਹੋਰ ਕਾਰਨਾਂ ਕਰਕੇ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਝਿਜਕਦੇ ਸਨ ਪਰ ਜਦੋਂ ਉਨ੍ਹਾਂ ਨੂੰ ਉਨ੍ਹਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਪੈਦਾ ਕਰਨ ਵਿੱਚ ਯੋਗਾ ਆਸਣ ਮਦਦਗਾਰ ਲੱਗੇ, ਤਾਂ ਨਵੇਂ ਆਉਣ ਵਾਲਿਆਂ ਦੀ ਗਿਣਤੀ ਵਧਦੀ ਗਈ।
ਅੱਜ ਕੱਲ੍ਹ, ਅਰਚਨਾ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੀ ਕਲਾਸ 7:15 ਵਜੇ ਖ਼ਤਮ ਹੋਣ ਤੱਕ ਦਿਨ ਵਿੱਚ ਛੇ ਕਲਾਸਾਂ ਲੈਂਦੀ ਹੈ। ਉਹ ਰੋਜ਼ਾਨਾ ਜਿਹੜੀਆਂ ਕਲਾਸਾਂ ਲੈ ਰਹੀ ਹੈ, ਉਨ੍ਹਾਂ ਵਿੱਚ ਜ਼ੀਰਕਪੁਰ ਵਿੱਚ ਢਕੋਲੀ, ਐੱਸ ਬੀ ਪੀ ਗੋਡ ਪਟਿਆਲਾ ਰੋਡ, ਸੁਸ਼ਮਾ ਗ੍ਰਾਂਡੇ, ਸੁਸ਼ਮਾ ਵੈਲੇਂਸੀਆ ਅਤੇ ਮੋਤੀਆ ਸਿਟੀ ਦੇ ਰੋਜ਼ਾਨਾ ਦੇ ਦੋ ਸੈਸ਼ਨ ਸ਼ਾਮਲ ਹਨ।
ਅਰਚਨਾ ਅਨੁਸਾਰ ਯੋਗਾ ਕਲਾਸਾਂ ਮੁਫ਼ਤ ਹਨ ਅਤੇ ਕੋਈ ਵੀ ਸ਼ਾਮਲ ਹੋ ਸਕਦਾ ਹੈ। ਜੇਕਰ ਕਿਸੇ ਨੇ ਨਵੀਂ ਥਾਂ ਕਲਾਸਾਂ ਸ਼ੁਰੂ ਕਰਵਾਉਣੀਆਂ ਹਨ ਤਾਂ ਘੱਟੋ ਘੱਟ 25 ਮੈਂਬਰ, ਇਸ ਲਈ ਸੀ ਐਮ ਦੀ ਯੋਗਸ਼ਾਲਾ ਵੈੱਬਸਾਈਟ ਤੇ ਜਾ ਕੇ ਆਪਣੀ ਇੱਛਾ ਪ੍ਰਗਟ ਕਰ ਸਕਦੇ ਹਨ।
ਸੀ ਐਮ ਦੀ ਯੋਗਸ਼ਾਲਾ ਤਹਿਤ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਨਾਗਰਿਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰੇਰਿਤ ਕਰ ਰਹੀਆਂ ਹਨ


