ਫਾਜ਼ਿਲਕਾ 7 ਫਰਵਰੀ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਮੰਤਰੀ ਸ ਚੇਤਨ ਸਿੰਘ ਜੌੜਾ ਮਾਜਰਾ ਦੀ ਦੇਖ ਰੇਖ ਹੇਠ ਫਾਜ਼ਿਲਕਾ ਜ਼ਿਲੇ ਵਿੱਚ ਆਜ਼ਮ ਵਾਲਾ ਮਾਈਨਰ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ।
ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਉਪਰਾਲੇ ਆਰੰਭੇ ਗਏ ਸਨ ਕਿ ਨਹਿਰਾਂ ਦੀਆਂ ਟੇਲਾਂ ਤੱਕ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਮਿਲੇ ਅਤੇ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਘਟਾਈ ਜਾਵੇ ਤਾਂ ਜੋ ਦਿਨ ਪ੍ਰਤੀ ਦਿਨ ਥੱਲੇ ਜਾਂਦੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ । ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਨਹਿਰਾਂ ਦਾ ਨਵੀਨੀਕਰਨ ਕਰਦਿਆਂ ਇਹਨਾਂ ਨੂੰ ਕੰਕਰੀਟ ਰਾਹੀਂ ਦੁਬਾਰਾ ਤੋਂ ਬਣਾਇਆ ਜਾ ਰਿਹਾ ਹੈ ਤਾਂ ਜੋ ਰਸਤੇ ਵਿੱਚ ਪਾਣੀ ਦੀ ਸੀਪੇਜ਼ ਨਾ ਹੋਵੇ ਅਤੇ ਕਿਸਾਨਾਂ ਨੂੰ ਪੂਰਾ ਪਾਣੀ ਮਿਲੇ।
ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਆਜ਼ਮ ਵਾਲਾ ਮਾਈਨਰ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸ ਮਾਈਨਰ ਤੋਂ ਚੂਹੜੀ ਵਾਲਾ ਧੰਨਾ, ਪੱਤਰੇ ਵਾਲਾ, ਆਜ਼ਮ ਵਾਲਾ, ਖਿੱਪਾਂਵਾਲੀ, ਘੱਲੂ, ਜੰਡ ਵਾਲਾ ਮੀਰਾ ਸਾਂਗਲਾ, ਬਾਰੇਕਾਂ ਅਤੇ ਰੂਪਨਗਰ ਪਿੰਡਾਂ ਦੇ ਕਿਸਾਨਾਂ ਨੂੰ ਭਰਪੂਰ ਪਾਣੀ ਮਿਲੇਗਾ। ਇਹ ਨਹਿਰ ਹਲਕਾ ਬਲੂਆਣਾ ਅਤੇ ਹਲਕਾ ਫਾਜ਼ਿਲਕਾ ਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਮੁਹਈਆ ਕਰਵਾਉਂਦੀ ਹੈ। ਦੋਨਾਂ ਵਿਧਾਇਕਾਂ ਨੇ ਕਿਹਾ ਕਿ ਇਸ ਨਹਿਰ ਦੇ ਪੂਰੇ ਹੋਣ ਨਾਲ ਟੇਲ ਤੱਕ ਪੂਰਾ ਪਾਣੀ ਮਿਲ ਸਕੇਗਾ ਅਤੇ ਕਿਸਾਨਾਂ ਨੂੰ ਆਪਣੀ ਫਸਲਾਂ ਦੀ ਭਰਪੂਰ ਉਪਜ ਮਿਲੇਗੀ। ਉਨਾਂ ਨੇ ਇਸ ਨਹਿਰ ਦੇ ਨਵੀਨੀਕਰਨ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਸ ਚੇਤਨ ਸਿੰਘ ਜੌੜਾ ਮਾਜਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।
ਓਧਰ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਨਹਿਰ ਦੇ ਪੁਨਰ ਨਿਰਮਾਣ ਤੇ 951.75 ਲੱਖ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ ਅਤੇ ਇਸ ਨਹਿਰ ਦੀ ਕੁੱਲ ਲੰਬਾਈ 13.41 ਕਿਲੋਮੀਟਰ ਹੈ। ਇਸ ਦੇ ਬਣਨ ਨਾਲ 13685 ਏਕੜ ਰਕਬੇ ਨੂੰ ਪੂਰਾ ਨਹਿਰੀ ਪਾਣੀ ਮਿਲ ਸਕੇਗਾ । ਜਿਸ ਨਾਲ ਕਿਸਾਨਾਂ ਦੀ ਖੇਤੀ ਉਪਜ ਵਿੱਚ ਵਾਧਾ ਹੋਵੇਗਾ ਅਤੇ ਉਨਾਂ ਦੀ ਆਮਦਨ ਵੱਧ ਸਕੇਗੀ। ਉਨਾਂ ਨੇ ਦੱਸਿਆ ਕਿ ਜਲਦ ਹੀ ਇਹ ਕੰਮ ਪੂਰਾ ਹੋ ਜਾਵੇਗਾ ਜਿਸ ਉਪਰੰਤ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਆਜ਼ਮ ਵਾਲਾ ਮਾਈਨਰ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ


