ਬਠਿੰਡਾ, 25 ਅਕਤੂਬਰ : ਭਾਰਤ ਸਰਕਾਰ, ਕ੍ਰਿਸ਼ੀ ਮੰਤਰਾਲਿਆ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ਸਲ ਕਟਾਈ ਤਜਰਬਿਆਂ ਦੀ ਪੜਤਾਲ ਸਬੰਧੀ ਡਾ. ਅਸ਼ੀਸ਼ ਕੁਮਾਰ ਪਾਲ ਟੈਕਨੀਕਲ ਅਫਸਰ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਟੀਮ ਵੱਲੋਂ ਜ਼ਿਲਾ ਬਠਿੰਡਾ ਦਾ ਦੌਰਾ ਕੀਤਾ ਗਿਆ।
ਇਸ ਸੰਬੰਧੀ ਡਾ. ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਭਾਰਤ ਸਰਕਾਰ ਤੋਂ ਆਏ ਅਧਿਕਾਰੀਆਂ ਨਾਲ ਇਸ ਦੌਰੇ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਲਈ ਸਥਾਨਕ ਮੁੱਖ ਖੇਤੀਬਾੜੀ ਦਫਤਰ ਤੋਂ ਅੰਕੜਾ ਵਿੰਗ ਦੇ ਤਕਨੀਕੀ ਸਹਾਇਕ ਸ਼੍ਰੀ ਸੁਖਜੀਤ ਸਿੰਘ ਅਤੇ ਸ਼੍ਰੀ ਮਹੇਸ਼ਇੰਦਰਪਾਲ ਸਿੰਘ ਸਿੱਧੂ ਦੀ ਇਸ ਪੜਤਾਲ ਵਿਜ਼ਟ ਸਬੰਧੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ ਤਾਂ ਜੋ ਫ਼ਸਲ ਕਟਾਈ ਤਜਰਬਿਆਂ ਦੇ ਆਧਾਰ ਤੇ ਜ਼ਿਲ੍ਹੇ ਅੰਦਰ ਮੁੱਖ ਫਸਲਾਂ ਦੀ ਹੋਣ ਬਾਰੇ ਪੈਦਾਵਾਰ ਦੇ ਸਹੀ ਅਨੁਮਾਨ ਲਗਾਏ ਜਾ ਸਕਣ।
ਪੜਤਾਲ ਟੀਮ ਵੱਲੋਂ 23 ਅਤੇ 24 ਅਕਤੂਬਰ ਨੂੰ ਜ਼ਿਲੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਮੌਕੇ ਤੇ ਜਾ ਕੇ ਫਸਲ ਕਟਾਈ ਤਜਰਬਿਆਂ ਲਈ ਚੁਣੇ ਗਏ ਪਿੰਡਾਂ ਵਿੱਚ ਵਿਭਾਗ ਦੇ ਫੀਲਡ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਬਣਾਏ ਗਏ ਪਲਾਟਾਂ ਦਾ ਨਿਰੀਖਣ ਕਰਨ ਦੇ ਨਾਲ-ਨਾਲ ਟੀਮ ਵੱਲੋਂ ਮੌਕੇ ਤੇ ਫਸਲ ਕਟਾਈ ਤਜਰਬਿਆਂ ਦੀ ਕਟਾਈ/ਚੁਗਾਈ/ਥਰੈਸ਼ਿੰਗ ਅਤੇ ਤੋਲ ਕਰਵਾਇਆ ਗਿਆ। ਟੀਮ ਵੱਲੋਂ ਬਲਾਕ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ, ਬਲਾਕ ਮੌੜ ਦੇ ਪਿੰਡ ਰਾਮ ਨਗਰ, ਬਲਾਕ ਰਾਮਪੁਰਾ ਦੇ ਪਿੰਡ ਡਿੱਖ, ਬਲਾਕ ਸੰਗਤ ਦੇ ਪਿੰਡ ਪੱਕਾ ਖੁਰਦ, ਬਲਾਕ ਨਥਾਣਾ ਦੇ ਪਿੰਡ ਕਲਿਆਣ ਮੱਲਕਾ ਅਤੇ ਬਲਾਕ ਬਠਿੰਡਾ ਦੇ ਪਿੰਡ ਕੋਟਸ਼ਮੀਰ ਦਾ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਉਪਰੰਤ ਟੀਮ ਇੰਚਾਰਜ ਵੱਲੋਂ ਵਿਭਾਗ ਅੰਦਰ ਕੀਤੇ ਜਾ ਰਹੇ ਫਸਲ ਕਟਾਈ ਤਜਰਬਿਆਂ ਦੇ ਕੰਮ ਤੇ ਸੰਤੁਸ਼ਟੀ ਜਾਹਿਰ ਕੀਤੀ ਗਈ ਅਤੇ ਉਨਾਂ ਵੱਲੋਂ ਫੀਲਡ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਕੌਮੀ ਮਹੱਤਤਾ ਵਾਲੇ ਕੰਮ ਨੂੰ ਹੋਰ ਵੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਮੇਂ-ਸਿਰ ਨਿਭਾਉਣ ਲਈ ਹਰ ਸੰਭਵ ਉਪਰਾਲੇ ਕਰਨ, ਕਿਉਂਕਿ ਫ਼ਸਲ ਕਟਾਈ ਤਜਰਬਿਆਂ ਦਾ ਕੰਮ ਬਹੁਤ ਹੀ ਮਹੱਤਵਪੂਰਨ ਕੰਮ ਹੈ। ਇਨ੍ਹਾਂ ਫ਼ਸਲੀ ਕਟਾਈ ਤਜਰਬਿਆਂ ਦੇ ਅਧਾਰ ਤੇ ਹੀ ਰਾਜ ਸਰਕਾਰ/ਭਾਰਤ ਸਰਕਾਰ ਵੱਲੋਂ ਕਿਸਾਨ ਹਿੱਤ ਵਿੱਚ ਨੀਤੀ ਆਯੋਗ ਤਹਿਤ ਨਵੀਆਂ ਨੀਤੀਆਂ ਹੋਂਦ ਵਿੱਚ ਲਿਆਂਦੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਆਏ ਅਧਿਕਾਰੀ ਵੱਲੋਂ ਖੇਤੀ ਅਧਿਕਾਰੀਆਂ/ਕਰਮਚਾਰੀਆਂ ਅਤੇ ਕਿਸਾਨਾਂ ਨੂੰ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ (ਐਨ.ਪੀ.ਐਸ.ਐਸ.) ਅਤੇ ਕ੍ਰਿਸ਼ੀ ਮੈਪਰ ਐਪ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਕਿਸਾਨ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਇਸ ਮੌਕੇ ਫੀਲਡ ਵਿਜਟ ਦੌਰਾਨ ਬਲਾਕ ਖੇਤੀਬਾੜੀ ਅਫਸਰ ਸੰਗਤ ਸ਼੍ਰੀ ਮਨੋਜ ਕੁਮਾਰ, ਬਲਾਕ ਖੇਤੀਬਾੜੀ ਅਫਸਰ ਰਾਮਪੁਰਾ ਸ਼੍ਰੀ ਦਵਿੰਦਰ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫ਼ਸਰ ਸ. ਭਰਪੂਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਿਸਾਨ ਆਦਿ ਹਾਜ਼ਰ ਸਨ।